ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਂਟੀ ਕਰੱਪਸ਼ਨ ਯੂਨਿਟ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੀਬੀਆਈ ਨੇ ਹੁਣ ਭੁੱਲਰ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੀਆਂ ਜਾਇਦਾਦਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਹਾਲ ਹੀ ਵਿਚ ਸੀਬੀਆਈ ਨੂੰ ਭੁੱਲਰ ਦੇ ਕੁਝ ਰਿਸ਼ਤੇਦਾਰਾਂ ਦੀ ਲੰਡਨ ਯਾਤਰਾ ਨਾਲ ਜੁੜੀ ਜਾਣਕਾਰੀ ਮਿਲੀ ਹੈ। ਇਸ ਨੂੰ ਲੈ ਕੇ ਏਜੰਸੀ ਡੂੰਘੀ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯਾਤਰਾ ਤੋਂ ਸ਼ੱਕੀ ਲੈਣ-ਦੇਣ ਅਤੇ ਵਿਦੇਸ਼ ’ਚ ਜਾਇਦਾਦਾਂ ਦੇ ਸਬੰਧ ਵਿਚ ਅਹਿਮ ਸੁਰਾਗ ਮਿਲ ਸਕਦਾ ਹੈ। ਭੁੱਲਰ ਦਾ ਇਕ ਰਿਸ਼ਤੇਦਾਰ ਨਿਆਇਕ ਅਧਿਕਾਰੀ ਹੈ। ਅਜਿਹੇ ਵਿਚ ਮਾਮਲੇ ’ਚ ਕੁਝ ਨਿਆਇਕ ਅਧਿਕਾਰੀਆਂ ਦੇ ਸਬੰਧ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੀਬੀਆਈ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾ ਸਿਰਫ਼ ਸਿੱਧੇ ਮੁਲਜ਼ਮ ਬਲਕਿ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰ ਅਤੇ ਸਬੰਧਤ ਨੈੱਟਵਰਕ ’ਤੇ ਵੀ ਨਜ਼ਰ ਰੱਖ ਰਹੀ ਹੈ। ਲੰਡਨ ਯਾਤਰਾ ਅਤੇ ਵਿਦੇਸ਼ ਵਿਚ ਜਾਇਦਾਦਾਂ ਦੀ ਜਾਣਕਾਰੀ ਜਾਂਚ ਦਾ ਨਵਾਂ ਆਯਾਮ ਹੈ, ਜਿਸ ਨਾਲ ਇਹ ਮਾਮਲਾ ਅਤੇ ਵਿਆਪਕ ਹੋ ਗਿਆ ਹੈ। ਸੀਬੀਆਈ ਦੀ ਜਾਂਚ ਹਾਲੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਭੁੱਲਰ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਕਬਾੜ ਵਪਾਰੀ ਤੋਂ ਅੱਠ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ਵਿਚ 16 ਅਕਤੂਬਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਚੰਡੀਗੜ੍ਹ ਅਤੇ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ਵਿਚ 7.5 ਕਰੋੜ ਰੁਪਏ ਨਕਦ, 2.5 ਕਿੱਲੋ ਸੋਨੇ ਦੇ ਗਹਿਣੇ, 22 ਮਹਿੰਗੀਆਂ ਘੜੀਆਂ, 100 ਤੋਂ ਵੱਧ ਜ਼ਿੰਦਾ ਕਾਰਤੂਸ ਅਤੇ 50 ਤੋਂ ਵੱਧ ਅਚਲ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਸਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਭੁੱਲਰ ਨੇ ਆਪਣੇ ਸਾਲਾਨਾ ਜਾਇਦਾਦ ਵੇਰਵੇ ਵਿਚ ਸਿਰਫ਼ 16 ਕਰੋੜ ਰੁਪਏ ਦੀ ਅਚਲ ਜਾਇਦਾਦ ਅਤੇ 38.5 ਲੱਖ ਰੁਪਏ ਦੀ ਕੁੱਲ ਆਮਦਨ ਐਲਾਨੀ ਸੀ ਪਰ ਸੀਬੀਆਈ ਦੀ ਛਾਣਬੀਣ ਵਿਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਂ ’ਤੇ 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ, ਜੋ ਉਨ੍ਹਾਂ ਦੀਆਂ ਐਲਾਨੀਆਂ ਜਾਇਦਾਦਾਂ ਤੋਂ ਕਿਤੇ ਵੱਧ ਹਨ। ਹੁਣ ਏਜੰਸੀ ਇਨ੍ਹਾਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਵਿਸਥਾਰਤ ਜਾਂਚ ਕਰ ਰਹੀ ਹੈ।







