ਨੈਕਸਸ ਐੱਮਬੀਡੀ ਨਿਓਪੋਲਿਸ ਮਾਲ ਸਥਿਤ ਸਿਨੇਪੋਲਿਸ ਸਿਨੇਮਾ ਵਿਖੇ ਚੱਲ ਰਹੇ ਜਾਗਰਣ ਫਿਲਮ ਫੈਸਟੀਵਲ ਦੇ ਦੂਜੇ ਦਿਨ ਉਤਸ਼ਾਹ ਤੇ ਜੋਸ਼ ਦਾ ਸੰਗਮ ਦੇਖਣ ਨੂੰ ਮਿਲਿਆ। ਫੈਸਟੀਵਲ ਦਾ ਉਤਸ਼ਾਹ ਦੇਰ ਰਾਤ ਤੱਕ ਆਪਣੇ ਸਿਖਰ ’ਤੇ ਰਿਹਾ। ਦਿਨ ਭਰ ਲੋਕਾਂ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਆਨੰਦ ਮਾਣਿਆ। ਦਰਸ਼ਕਾਂ ਨੇ ਨਾਲ ਹੀ ਭਾਰਤੀ ਤੇ ਅੰਤਰਰਾਸ਼ਟਰੀ ਸ਼ੇ੍ਣੀਆਂ ਅਧੀਨ ਛੋਟੀਆਂ ਫਿਲਮਾਂ ਦਾ ਵੀ ਆਨੰਦ ਮਾਣਿਆ। ਦੂਜੇ ਪਾਸੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਪ੍ਰਮੁੱਖ ਹਸਤੀਆਂ ਨੇ ਜਾਗਰਣ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ। ਵਿਲੱਖਣ ਮੂਵਿੰਗ ਫਿਲਮ ਫੈਸਟੀਵਲ ਵਿੱਚ ਅਜਿਹੀਆਂ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜੋ ਆਮ ਤੌਰ ’ਤੇ ਨਹੀਂ ਦੇਖੀਆਂ ਜਾਂਦੀਆਂ ਅਤੇ ਜਿਨ੍ਹਾਂ ਵਿੱਚ ਸਮਾਜ ਲਈ ਸੁਨੇਹਾ ਹੈ।
ਸਾਬਕਾ ਉਪ ਮੁੱਖ ਮੰਤਰੀ ਤੇ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਫੈਸਟੀਵਲ ਦੇ ਸਵੇਰ ਦੇ ਸੈਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਸਮੂਹਲੀਅਤ ਕੀਤੀ। ਉਨ੍ਹਾਂ ਨੇ ਇਸ ਫੈਸਟੀਵਲ ਨੂੰ ਸਮਾਜ ਨੂੰ ਇੱਕ ਨਵਾਂ ਮੋੜ ਦੇਣ ਦੀ ਕੋਸ਼ਿਸ਼ ਦੱਸਿਆ, ਉਨ੍ਹਾਂ ਨੇ ਨਾਲ ਹੀ ਫਿਲਮ ਫੈਸਟੀਵਲ ਦੇ 13ਵੇਂ ਐਡੀਸ਼ਨ ਦੀ ਵਧਾਈ ਵੀ ਦਿੱਤੀ। ਉਨ੍ਹਾਂ ਨੇ ਬਾਲੀਵੁੱਡ ਵਿੱਚ ਲੁਧਿਆਣਾ ਦੇ ਮਸ਼ਹੂਰ ਬਾਲ ਕਲਾਕਾਰ ਇਨਾਇਤ ਵਰਮਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹਨ ਕਿ ਭਾਰਤ ਵਿੱਚ ਰਹਿਣ ਵਾਲੇ ਬੱਚੇ ਦੇਸ਼ ਦਾ ਮਾਣ ਵਧਾ ਰਹੇ ਹਨ। ਇਨਾਇਤ ਨੇ ਨਾ ਸਿਰਫ਼ ਲੁਧਿਆਣਾ ਸਗੋਂ ਪੰਜਾਬ ਦਾ ਵੀ ਸਤਿਕਾਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਿੰਟ ਮੀਡੀਆ ਦੀ ਕਲਮ ਸਹੀ ਲਿਖਦੀ ਹੈ ਤਾਂ ਨੇਤਾ ਅਤੇ ਪਾਠਕ ਦੋਵੇਂ ਠੀਕ ਰਹਿਣਗੇ।
ਦੁਪਹਿਰ ਵੇਲੇ ਸਾਬਕਾ ਮੁੱਖ ਮੰਤਰੀ ਤੇ ਐੱਮਪੀ ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ’ਤੇ ਇਸ ਮੇਲੇ ਵਿੱਚ ਪਹੁੰਚੇ ਅਤੇ ਦੀਵਾ ਜਗਾਇਆ। ਦੈਨਿਕ ਜਾਗਰਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਚੰਨੀ ਨੇ ਕਿਹਾ ਕਿ ਦੈਨਿਕ ਜਾਗਰਣ ਦਾ ਇਹ ਯਤਨ ਇਸ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ, ਕਿਉਂਕਿ ਇਹ ਸਾਡੇ ਸਮਾਜ ਨੂੰ ਕੁਝ ਸਕਾਰਾਤਮਕ ਦਿਸ਼ਾ ਦਿੰਦਾ ਹੈ। ਚੰਨੀ ਨੇ ਵੀ ਫੈਸਟੀਵਲ ਵਿੱਚ ਸਿਨੇਮਾ ਦਾ ਆਨੰਦ ਮਾਣਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮ ਦੇ ਸੈਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਵੜਿੰਗ ਨੇ ਕਿਹਾ ਕਿ ਅਜਿਹੇ ਯਤਨ ਸਮਾਜ ਲਈ ਸਕਾਰਾਤਮਕ ਹਨ ਅਤੇ ਅਜਿਹੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਪੱਤਰਕਾਰੀ ਦੇ ਖੇਤਰ ਤੋਂ ਇਲਾਵਾ ਜਾਗਰਣ ਗਰੁੱਪ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਸਫਲ ਰਿਹਾ ਹੈ।







