ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ
ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਸਮਝਦੇ ਹਨ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਪੰਜਾਬ ਦੇ ਧਰਤੀ ਹੇਠਲੇ ਜਲ ਸ੍ਰੋਤਾਂ ਦਾ ਜਿੱਥੇ ਭਾਰੀ ਨੁਕਸਾਨ ਕੀਤਾ ਹੈ ਉਥੇ ਵਾਤਾਵਰਣ ਨੂੰ ਵਿਗਾੜਨ ਵਿਚ ਵੀ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਵੱਲੋਂ ਇਸ ਕੁਚੱਕਰ ਨੂੰ ਤੋੜਣ ਲਈ ਬਦਲਵੀਆਂ ਫ਼ਸਲਾਂ ਬਰਸਾਤੀ ਮੱਕੀ ਅਤੇ ਕਪਾਹ ਨਰਮੇ ਦੇ ਬੀਜ ਪੰਚਾਇਤ ਵੱਲੋਂ ਮੁਫ਼ਤ ਮੁਹੱਈਆ ਕਰਵਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ।
ਰਾਸ਼ਟਰੀ ਪੱਧਰ ਤੱਕ ਸਨਮਾਨ ਹਾਸਲ ਕਰ ਚੁੱਕੀ ਹੈ ਪੰਚਾਇਤ
ਰਣਸੀਂਹ ਕਲਾਂ ਦੀ ਗ੍ਰਾਮ ਪੰਚਾਇਤ ਨੇ ਦਾਨੀ ਸੱਜਣਾਂ ਅਤੇ ਪਿੰਡ ਦੇ ਪ੍ਰਵਾਸੀਆਂ ਦੇ ਸਹਿਯੋਗ ਨਾਲ ਪਿੰਡ ਦਾ ਬਹੁਪੱਖੀ ਵਿਕਾਸ ਕਰਨ ਸਦਕਾ ਰਾਜ ਅਤੇ ਰਾਸ਼ਟਰ ਪੱਧਰ ਦੇ ਕਈ ਵੱਕਾਰੀ ਅਵਾਰਡ ਹਾਸਲ ਕੀਤੇ ਹਨ। ਇਨ੍ਹਾਂ ਸਨਮਾਨਾਂ ਦੇ ਪਿੱਛੇ ਪਿੰਡ ਦੀ ਕਾਇਆ ਕਲਪ ਕਰਨਾ ਅਤੇ ਬਹੁਪੱਖੀ ਵਿਕਾਸ ਕਰਨਾ ਹੈ। ਇਸ ਪਿੰਡ ਨੂੰ ਦੇਖਣ ਲਈ ਪੰਜਾਬ ਭਰ ਤੋਂ ਇਲਾਵਾ ਦੂਜੇ ਰਾਜਾਂ ਤੋਂ ਵੀ ਲੋਕ ਆਉਂਦੇ ਹਨ। ਸਮੁੱਚੇ ਪਿੰਡ ਵਿਚ ਸੀਵਰੇਜ ਸਿਸਟਮ ਪਾਇਆ ਗਿਆ ਹੈ ਅਤੇ ਇਸ ਪਾਣੀ ਨੂੰ ਸੋਧਣ ਉਪਰੰਤ ਖੇਤੀ ਕਾਰਜਾਂ ਲਈ ਵਰਤਿਆ ਜਾਂਦਾ ਹੈ।
ਪਲਾਸਟਿਕ ਦੇ ਕਚਰੇ ਬਦਲੇ ਵੰਡੇ ਜਾਂਦੇ ਨੇ ਖੰਡ ਤੇ ਗੁੜ
ਪਰਾਲੀ ਵਾਂਗ ਹੀ ਪਲਾਸਟਿਕ ਦਾ ਕਚਰਾ ਵੀ ਪਿੰਡਾਂ ਸ਼ਹਿਰਾਂ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਪਲਾਸਟਿਕ ਦਾ ਕਚਰੇ ਕਾਰਨ ਸੀਵਰੇਜ ਸਿਸਟਮ ਬੰਦ ਹੋ ਜਾਂਦਾ ਹੈ ਅਤੇ ਗੰਦੇ ਲਿਫ਼ਾਫੇ ਸੜਕਾਂ, ਪਾਰਕਾਂ ਅਤੇ ਆਲੇ ਦੁਆਲੇ ਨੂੰ ਬਦਸੂਰਤ ਬਣਾ ਰਹੇ ਹਨ। ਰੂੜੀਆਂ ’ਤੇ ਪਏ ਲਿਫ਼ਾਫੇ ਖਾ ਕੇ ਅਵਾਰਾ ਪਸ਼ੂ ਅਣਆਈ ਮੌਤ ਮਰ ਰਹੇ ਹਨ ਪਰ ਇਸ ਗੰਭੀਰ ਸਮੱਸਿਆ ਦੇ ਹੱਲ ਵਜੋਂ ਇਥੋਂ ਦੀ ਗ੍ਰਾਮ ਪੰਚਾਇਤ ਨੇ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਤੇ ਗੁੜ ਦੇ ਕੇ ਇਸ ਪ੍ਰਦੂਸ਼ਣ ਤੋਂ ਪਿੰਡ ਨੂੰ ਮੁਕਤ ਕਰ ਰੱਖਿਆ ਹੈ।
ਦੂਜੇ ਪਿੰਡ ਲੈ ਸਕਦੇ ਨੇ ਇਸ ਪਿੰਡ ਤੋਂ ਸੇਧ
ਅਜੋਕੇ ਦੌਰ ਵਿਚ ਪਰਾਲੀ ਅਤੇ ਪਲਾਸਟਿਕ ਸਮੇਤ ਪਿੰਡਾਂ ਨੂੰ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਿੰਡਾਂ ਦੇ ਚੇਤਨ ਲੋਕ ਇਸ ਪਿੰਡ ਦੀ ਗ੍ਰਾਮ ਪੰਚਾਇਤ ਦੁਆਰਾ ਪਾਏ ਪੂਰਨਿਆਂ ਤੋਂ ਪ੍ਰੇਰਣਾ ਲੈ ਕੇ ਆਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ। ਲੋੜ ਹੈ ਕਿ ਸਾਰੇ ਕੁਝ ਦਾ ਠੀਕਰਾ ਸਿਰਫ਼ ਸਰਕਾਰਾਂ ਦੇ ਸਿਰ ਭੰਨਣ ਦੀ ਥਾਂ ਸਾਨੂੰ ਇਸ ਪਿੰਡ ਤੋਂ ਸੇਧ ਲੈਣ ਦੀ ਲੋੜ ਹੈ ਜੋ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਦੇ ਮਹਾਨ ਸਿਧਾਂਤ ਤੇ ਅਧਾਰਿਤ ਹੈ।