ਪੁਲਿਸ ਦੀ ਕਾਬਲੀਅਤ ਉੱਪਰ ਕੋਈ ਸ਼ੱਕ ਨਹੀਂ ਪਰ ਪੁਲਿਸ ਮਹਿਕਮੇ ਦਾ ਸਮੇਂ ਦਾ ਹਾਣੀ ਹੋਣਾ ਜਰੂਰੀ ਹੈ। ਅਪਰਾਧੀ ਅਪਡੇਟ ਹੋ ਰਹੇ ਹਨ ਤਾਂ ਪੁਲਿਸ ਨੂੰ ਵੀ ਅਪਡੇਟ ਕਰਨ ਦੇ ਲਈ ਨਵੇਕਲਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਵਿਖੇ ਸਥਿਤ ਲਾਅ ਯੂਨੀਵਰਸਿਟੀ ਵਿਖੇ ਪੰਜਾਬ ਪੁਲਿਸ ਦੇ ਤਫਤੀਸ਼ੀ ਅਫਸਰਾਂ ਲਈ ਐਨਡੀਪੀਐਸ ਐਕਟ ਸਬੰਧੀ ਵਰਕਸ਼ਾਪ ਦਾ ਉਦਘਾਟਨ ਕਰਨ ਮੌਕੇ ਕਹੀ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪੰਜਾਬ ਪੁਲਿਸ ਦੇ 730 ਦੇ ਕਰੀਬ ਜਵਾਨਾਂ ਨੂੰ ਐਨਡੀਪੀਐਸ ਐਕਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਤਫਤੀਸ਼ੀ ਅਫਸਰਾਂ ਨੂੰ ਸਬੂਤ ਸੰਭਾਲਣ, ਐਨਡੀਪੀਐਸ ਦੀਆਂ ਵੱਖ-ਵੱਖ ਧਰਾਵਾਂ, ਬੀਐਨਐਸ ਵਿੱਚ ਹੋਣੀਆਂ ਤਬਦੀਲੀਆਂ ਸਬੰਧੀ ਹੋਰ ਵੱਖ ਵੱਖ ਤਕਨੀਕੀ ਜਾਣਕਾਰੀਆਂ ਦੇ ਕੇ ਪੂਰਨ ਤੌਰ ਤੇ ਅਪਡੇਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਐਨਡੀਪੀਐਸ ਸਬੰਧੀ ਇਸ ਨਵੇਕਲੇ ਪ੍ਰੋਗਰਾਮ ਨੂੰ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਇਸ ਸਿਖਲਾਈ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਸਲਾਖਾ ਤੱਕ ਪਹੁੰਚਾਉਣ ਅਤੇ ਪੰਜਾਬ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਕੇਸ ਸਬੰਧੀ ਪੂਰੀ ਤਕਨੀਕੀ ਜਾਣਕਾਰੀ ਨਾ ਹੋਣ ਕਰਕੇ ਅਦਾਲਤ ਵਿੱਚ ਕੇਸ ਟਿਕਦੇ ਨਹੀਂ ਹਨ ਅਤੇ ਤਸਕਰ ਇਸ ਦਾ ਫਾਇਦਾ ਚੁੱਕ ਲੈਂਦੇ ਹਨ। ਭਵਿੱਖ ਵਿੱਚ ਅਜਿਹਾ ਨਾ ਹੋਵੇ ਇਸ ਲਈ ਪੁਲਿਸ ਨੂੰ ਤਕਨੀਕੀ ਤੌਰ ਤੇ ਵੀ ਅਪਡੇਟ ਕੀਤਾ ਜਾ ਰਿਹਾ ਹੈ।







