ਨਵੰਬਰ ਦੇ ਦੂਜੇ ਹਫ਼ਤੇ ਠੰਢ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਜਿੱਥੇ ਰਾਤ ਦਾ ਤਾਪਮਾਨ ਘਟਿਆ ਹੈ, ਉੱਥੇ ਹੀ ਦਿਨ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਰੋਪੜ, ਬਠਿੰਡਾ ਅਤੇ ਫਰੀਦਕੋਟ ਵਿੱਚ ਰਾਤ ਦਾ ਤਾਪਮਾਨ 8.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਫਰੀਦਕੋਟ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਵਿੱਚ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ, ਐੱਸਬੀਐੱਸ ਨਗਰ ਅਤੇ ਮਾਨਸਾ ਵਿੱਚ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਲੁਧਿਆਣਾ ਅਤੇ ਗੁਰਦਾਸਪੁਰ ਵਿੱਚ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ ਘੱਟ ਰਿਹਾ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਤੱਕ ਰਿਹਾ। ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਦਿਨ ਦਾ ਤਾਪਮਾਨ 26 ਡਿਗਰੀ, ਫਾਜ਼ਿਲਕਾ, ਰੋਪੜ, ਐੱਸਬੀਐੱਸ ਨਗਰ, ਬਠਿੰਡਾ, ਗੁਰਦਾਸਪੁਰ ਵਿੱਚ ਦਿਨ ਦਾ ਤਾਪਮਾਨ 27 ਡਿਗਰੀ ਅਤੇ ਲੁਧਿਆਣਾ, ਪਟਿਆਲਾ, ਫਰੀਦਕੋਟ ਅਤੇ ਚੰਡੀਗੜ੍ਹ ਵਿੱਚ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 15 ਨਵੰਬਰ ਤੱਕ ਮੌਸਮ ਸਾਫ਼ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। 17 ਨਵੰਬਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਠੰਢ ਅਚਾਨਕ ਵੱਧ ਜਾਵੇਗੀ।






