ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦਾ ਲੈਵਲ ਵਧਣ ਕਾਰਨ ਹਵਾ ਗੁਣਵੱਤਾ ਸੂਚਕ ਅੰਕ (AQI) ਖ਼ਤਰਨਾਕ ਲੈਵਲ ਤਕ ਪਹੁੰਚਣ ਕਾਰਨ ਸਰਕਾਰ ਨੇ GRAP 3 ਲਾਗੂ ਕਰ ਦਿੱਤਾ ਹੈ ਤੇ ਸਾਰੇ ਸੁਰੱਖਿਆ ਉਪਾਅ ਵੀ ਕੀਤੇ ਗਏ ਹਨ। ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਜਾਰੀ ਤਾਜ਼ਾ ਆਦੇਸ਼ ਅਨੁਸਾਰ ਵਿਦਿਆਰਥੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਵੀਂ ਜਮਾਤ ਤਕ ਦੇ ਸਕੂਲ ਹਾਈਬ੍ਰਿਡ ਮੋਡ ‘ਤੇ ਕਰਵਾਏ ਜਾਣਗੇ। ਕਲਾਸਾਂ ਆਨਲਾਈਨ ਲੱਗਣਗੀਆਂ।
ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ (CQM) ਨੇ ਹਵਾ ਦੀ ਗੁਣਵੱਤਾ ‘ਚ ਸੁਧਾਰ ਲਿਆਉਣ ਲਈ ਮੰਗਲਵਾਰ ਨੂੰ ਦਿੱਲੀ-ਐਨਸੀਆਰ ‘ਚ ਗ੍ਰੈਪ (ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ) ਤਿੰਨ ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (CPCB) ਅਨੁਸਾਰ, ਸੋਮਵਾਰ ਯਾਨੀ 10 ਨਵੰਬਰ ਨੂੰ ਦਿੱਲੀ ਦਾ ਔਸਤ ਏਕਿਊਆਈ ਬਹੁਤ ਖਰਾਬ ਸ਼੍ਰੇਣੀ ‘ਚ 362 ਦਰਜ ਕੀਤਾ ਗਿਆ ਸੀ ਜਿਸ ਵਿਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ। ਮੌਸਮੀ ਹਾਲਾਤ ਦੇ ਅਨੁਕੂਲ ਪ੍ਰਭਾਵਾਂ ਕਾਰਨ ਅੱਜ ਮੰਗਲਵਾਰ ਯਾਨੀ 11 ਨਵੰਬਰ ਨੂੰ ਸਵੇਰੇ 9:00 ਵਜੇ ਦਿੱਲੀ ਦਾ ਏਕਿਊਆਈ ਗੰਭੀਰ ਸ਼੍ਰੇਣੀ ‘ਚ 425 ਦਰਜ ਕੀਤਾ ਗਿਆ ਹੈ। ਗ੍ਰੈਪ ਤਿੰਨ ਦੀਆਂ ਪਾਬੰਦੀਆਂ ਤਹਿਤ ਐਨਸੀਆਰ ‘ਚ ਹੁਣ ਇਮਾਰਤਾਂ ਢਹਿ-ਢੇਰੀ, ਗੈਰ ਜਰੂਰੀ ਨਿਰਮਾਣ ਕਾਰਜ ਅਤੇ ਪੁਰਾਣੇ ਡੀਜ਼ਲ ਵਾਹਨਾਂ ‘ਤੇ ਰੋਕ ਲਗਾਈ ਜਾਵੇਗੀ।







