ਡਾ. ਅਖਿਲ ਚੌਧਰੀ ਐਸਐਸਪੀ.ਸ੍ਰੀ ਮੁਕਤਸਰ ਸਾਹਿਬ ਦੇ ਹਦਾਇਤਾਂ ਅਨੁਸਾਰ ਜ਼ਿਲ੍ਹੇ ’ਚ ਜਿੱਥੇ ਜਨਤਕ ਸੁਰੱਖਿਆ ਲਈ ਪੁਲਿਸ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ, ਉਥੇ ਹੀ ਲੋਕਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅਮਨਦੀਪ ਸਿੰਘ, ਡੀਐਸਪੀ (ਐਚ) ਵੱਲੋਂ ਪਿੰਡ ਜੰਮੂਵਾਲਾ, ਸ਼ੱਕਾਂਵਾਲੀ, ਜੰਡੋਕੇ, ਮਰਾੜ ਕਲਾਂ ਅਤੇ ਮੋਤਲੇਵਾਲਾ ਸਮੇਤ ਵੱਖ-ਵੱਖ ਪਿੰਡਾਂ ’ਚ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਮੀਨਾਰਾਂ ਦੌਰਾਨ ਡੀਐਸਪੀ ਕਿਸਾਨਾਂ ਨੂੰ ਖੇਤਾਂ ’ਚ ਜਾ ਕੇ ਮਿਲੇ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾਲ ਨਾ ਸਾੜਨ ਬਾਰੇ ਜਾਗਰੂਕ ਕੀਤਾ।
ਡੀਐਸਪੀ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਦੀ ਅੱਗ ਨਾਲ ਨਿਕਲਣ ਵਾਲਾ ਧੂੰਆਂ ਨਾ ਸਿਰਫ਼ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ, ਸਗੋਂ ਇਹ ਮਨੁੱਖੀ ਸਿਹਤ ਲਈ ਵੀ ਖ਼ਤਰਨਾਕ ਹੈ। ਧੂੰਏਂ ’ਚ ਮੌਜੂਦ ਹਾਨੀਕਾਰਕ ਗੈਸਾਂ ਨਾਲ ਸਾਹ ਲੈਣ ’ਚ ਤਕਲੀਫ਼, ਦਿਲ ਦੀਆਂ ਬਿਮਾਰੀਆਂ ਅਤੇ ਅੱਖਾਂ ਦੀਆਂ ਸਮੱਸਿਆਵਾਂ ਵਧਦੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾਲ ਸਾੜਨ ਨਾਲ ਮਿੱਟੀ ਦੀ ਉਪਜਾਊ ਤਾਕਤ ਘਟਦੀ ਹੈ ਅਤੇ ਲਾਭਕਾਰੀ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਇਸ ਨਾਲ ਖੇਤੀਬਾੜੀ ਦੀ ਗੁਣਵੱਤਾ ਤੇ ਲੰਬੇ ਸਮੇਂ ਲਈ ਨੁਕਸਾਨ ਹੁੰਦਾ ਹੈ। ਇਸ ਦੇ ਬਦਲੇ ਕਿਸਾਨ ਜੇ ਪਰਾਲੀ ਨੂੰ ਜ਼ਮੀਨ ’ਚ ਹੀ ਮਿਲਾ ਦੇਣ ਤਾਂ ਮਿੱਟੀ ’ਚ ਜੈਵਿਕ ਪਦਾਰਥ ਵਧੇਗਾ ਅਤੇ ਖੇਤੀ ਦੀ ਉਤਪਾਦਕਤਾ ’ਚ ਸੁਧਾਰ ਆਵੇਗਾ। ਇਸ ਦੌਰਾਨ ਜਿਹੜੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਦੇ ਅੰਦਰ ਹੀ ਮਿਲਾ ਕੇ ਖੇਤੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਡੀਐਸਪੀ ਐਚ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹੋ ਜਿਹੇ ਕਿਸਾਨ ਪ੍ਰੇਰਣਾ ਦਾ ਸਰੋਤ ਹਨ ਜੋ ਪਰਾਲੀ ਸਾੜਨ ਤੋਂ ਬਿਨਾਂ ਖੇਤੀਬਾੜੀ ਦੇ ਨਵੇਂ ਤਰੀਕੇ ਅਪਣਾ ਰਹੇ ਹਨ।
ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਜ਼ਿੰਮੇਵਾਰਾਨਾ ਤਰੀਕੇ ਅਪਣਾਉਣ, ਜਿਸ ਨਾਲ ਵਾਤਾਵਰਣ, ਜ਼ਮੀਨ ਅਤੇ ਜਨਤਾ ਦੀ ਸਿਹਤ ਸੁਰੱਖਿਅਤ ਰਹੇ। ਉਨ੍ਹਾਂ ਇਸ ਮੌਕੇ ਕਿਹਾ ਕਿ ਪਰਾਲੀ ਦੀ ਅੱਗ ਨਾਲ ਨਿਕਲਦਾ ਧੂੰਆਂ ਸਿਰਫ਼ ਪਿੰਡ ਦੀ ਨਹੀਂ, ਸਗੋਂ ਪੂਰੇ ਖੇਤਰ ਦੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਲਈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਹਰ ਕਿਸਾਨ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਹਾਲਤ ’ਚ ਪਰਾਲੀ ਨੂੰ ਅੱਗ ਨਾਲ ਨਾ ਸਾੜੇ। ਅੰਤ ’ਚ ਡੀਐਸਪੀ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੈਮੀਨਾਰਾਂ ’ਚ ਸ਼ਮੂਲੀਅਤ ਕੀਤੀ ਅਤੇ ਜਾਗਰੂਕਤਾ ਅਭਿਆਨ ਨੂੰ ਸਫਲ ਬਣਾਇਆ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਜਨਤਾ ਨਾਲ ਮਿਲ ਕੇ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖੇਗਾ ਤਾਂ ਜੋ ਸਾਫ਼ ਹਵਾ ਤੇ ਸਿਹਤਮੰਦ ਵਾਤਾਵਰਣ ਬਣਾਇਆ ਜਾ ਸਕੇ।







