ਮੈਕਗ੍ਰੇਗਰ ਸਟੇਟ ਹਾਈ ਸਕੂਲ ਨੇ ਅੱਜ ਸਨੀਬੈਂਕ ਆਰਐੱਸਐੱਲ ਸਬ-ਬ੍ਰਾਂਚ ਤੇ ਕਮਿਊਨਿਟੀ ਸਮਰਥਕਾਂ ਦੇ ਸਹਿਯੋਗ ਨਾਲ ਨਵੇਂ ਏਐੱਨਜ਼ੈਕ ਸਮਾਰਕ ਦਾ ਉਦਘਾਟਨ ਕੀਤਾ। ਇਹ ਸਮਾਰਕ ਹਿੰਮਤ, ਦੋਸਤੀ, ਹੌਸਲੇ ਤੇ ਬਲੀਦਾਨ ਵਰਗੀਆਂ ਏਐੱਨਜ਼ੈਕ ਕੀਮਤਾਂ ਨੂੰ ਸਲਾਮ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਹਰ ਰੋਜ਼ ਉਨ੍ਹਾਂ ਦੀ ਵਿਰਾਸਤ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਸੇਵਾ ਕੀਤੀ।
ਇਸ ਸਮਾਰਕ ਪ੍ਰੋਜੈਕਟ ਦੀ ਸ਼ੁਰੂਆਤ ਲਗਪਗ ਢਾਈ ਸਾਲ ਪਹਿਲਾਂ ਮੈਕਗ੍ਰੇਗਰ ਸਟੇਟ ਹਾਈ ਸਕੂਲ ਦੇ ਪ੍ਰਿੰਸੀਪਲ ਬ੍ਰੈਂਡਨ ਬਾਰਲੋ ਤੇ ਸਨੀਬੈਂਕ ਆਰਐੱਸਐੱਲ ਸਬ-ਬ੍ਰਾਂਚ ਵਿਚਾਲੇ ਚਰਚਾ ਤੋਂ ਬਾਅਦ ਹੋਈ ਸੀ। ਇਹ ਪ੍ਰੋਜੈਕਟ ਇਕ ਏਐੱਨਜ਼ੈਕ ਮਿਊਰਲ ਤੋਂ ਵਿਕਸਤ ਹੋ ਕੇ ਇਕ ਸਥਾਈ ਸਮਾਰਕ ਰੂਪ ’ਚ ਤਬਦੀਲ ਹੋਇਆ, ਜਿਸ ਨੂੰ ਆਸਟ੍ਰੇਲੀਅਨਜ਼ ਆਫ ਚਾਈਨੀਜ਼ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਤੇ ਆਸਟ੍ਰੇਲੀਅਨਜ਼ ਆਫ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਵੱਲੋਂ ਸਹਿਯੋਗ ਮਿਲਿਆ। ਇਹ ਪ੍ਰੋਜੈਕਟ ਸਮਰਪਿਤ ਸਹਿਯੋਗ ਨਾਲ ਸੰਭਵ ਹੋਇਆ।
ਹਿਊ ਪੋਲਸਨ, ਪ੍ਰਧਾਨ ਸਨੀਬੈਂਕ ਆਰਐੱਸਐੱਲ ਸਬ-ਬ੍ਰਾਂਚ ਤੇ ਉਨ੍ਹਾਂ ਦੀ ਟੀਮ ਲੁਇਸ ਲੀ, ਐਲਾਨ ਚੈੱਕਨ, ਜੌਨਸਨ ਚੈਨ, ਪ੍ਰਣਾਮ ਸਿੰਘ ਹੋਅਰ, ਹਰਪ੍ਰੀਤ ਸਿੰਘ ਕੋਹਲੀ ਅਤੇ ਮੁਹਿੰਦਰ ਪਾਲ ਸਿੰਘ ਕਾਹਲੋਂ ਨੇ ਮਾਇਆ ਦਾ ਯੋਗਦਾਨ ਪਾਇਆ। ਉਦਘਾਟਨ ਸਮਾਰੋਹ ’ਚ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਮਾਰਕ ਸਿਰਫ਼ ਭੂਤਕਾਲ ਦੀ ਸ਼ਰਧਾਂਜਲੀ ਹੀ ਨਹੀਂ, ਸਗੋਂ ਵਰਤਮਾਨ ’ਚ ਅਗਵਾਈ ਲਈ ਇੱਕ ਸੱਦਾ ਵੀ ਹੈ, ਜਿਨ੍ਹਾਂ ਸਿਪਾਹੀਆਂ ਨੂੰ ਅਸੀਂ ਯਾਦ ਕਰਦੇ ਹਾਂ, ਉਹ ਅਕਸਰ ਬਹੁਤ ਹੀ ਜਵਾਨ ਸਨ। ਉਨ੍ਹਾਂ ਦੀ ਅਗਵਾਈ ਮੁਸ਼ਕਲ ਹਾਲਾਤ ’ਚ ਬਣੀ ਸੀ, ਜੋ ਇੱਕ-ਦੂਜੇ ਪ੍ਰਤੀ ਜ਼ਿੰਮੇਵਾਰੀ ‘ਤੇ ਆਧਾਰਿਤ ਸੀ। ਮੈਕਗ੍ਰੇਗਰ ’ਚ ਵਿਦਿਆਰਥੀ ਅਗਵਾਈ ਉਨ੍ਹਾਂ ਦੀ ਵਿਰਾਸਤ ਪ੍ਰਤੀ ਸਾਡੇ ਸ਼ਾਂਤੀਕਾਲ ਦਾ ਫਰਜ਼ ਹੈ।” ਇਹ ਏਐੱਨਜ਼ੈਕ ਸਮਾਰਕ ਹੁਣ ਸਕੂਲ ਦੇ ਕੰਪਲੈਕਸ ਦਾ ਸਥਾਈ ਹਿੱਸਾ ਰਹੇਗਾ, ਜੋ ਵਿਦਿਆਰਥੀਆਂ ਨੂੰ ਸੋਚਣ, ਸਨਮਾਨ ਕਰਨ ਤੇ ਉਨ੍ਹਾਂ ਕੀਮਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗਾ ਜਿਨ੍ਹਾਂ ਦੀ ਇਹ ਪ੍ਰਤੀਕਤਾ ਕਰਦਾ ਹੈ।