ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਰੂਸ ਨੂੰ ਅਲੱਗ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਅਤੇ ਈਰਾਨ ਨਾਲ ਵਪਾਰਕ ਸੰਬੰਧ ਰੱਖਣ ਵਾਲੇ ਦੇਸ਼ਾਂ ਨੂੰ ਬਹੁਤ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਰਿਪਬਲਿਕਨ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ‘ਤੇ ਬਹੁਤ ਸਖ਼ਤ ਪਾਬੰਦੀਆਂ ਲਗਾਉਣ ਵਾਲਾ ਕਾਨੂੰਨ ਪਾਸ ਕਰ ਰਹੇ ਹਨ। ਉਹ ਇਸ ਵਿਚ ਈਰਾਨ ਨੂੰ ਵੀ ਸ਼ਾਮਲ ਕਰ ਸਕਦੇ ਹਨ।”
ਟਰੰਪ ਦੀ ਰੂਸ ਨੂੰ ਇਕੱਲਿਆਂ ਕਰਨ ਦੀ ਰਣਨੀਤੀ
ਟਰੰਪ ਪ੍ਰਸ਼ਾਸਨ ਪਹਿਲਾਂ ਹੀ ਦੁਨੀਆ ਦੇ ਕੁਝ ਸਭ ਤੋਂ ਸਖ਼ਤ ਟੈਰਿਫ ਲਗਾ ਚੁੱਕਾ ਹੈ ਜਿਸ ਵਿਚ ਭਾਰਤ ‘ਤੇ 50 ਫੀਸਦ ਫੀਸ ਤੇ ਰੂਸੀ ਊਰਜਾ ਦੀ ਖਰੀਦ ‘ਤੇ 25 ਪ੍ਰਤੀਸ਼ਤ ਟੈਰਿਫ ਸ਼ਾਮਲ ਹਨ।
ਅਮਰੀਕੀ ਸੈਨੇਟਰ ਇਸ ਤੋਂ ਵੀ ਸਖ਼ਤ ਪਾਬੰਦੀਆਂ ਦੀ ਮੰਗ ਕਰ ਰਹੇ ਹਨ। ਸੈਨੇਟਰ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਇਕ ਬਿੱਲ ਵਿਚ ਰੂਸੀ ਤੇਲ ਦੀ ਦੂਜੀ ਖਰੀਦ ਅਤੇ ਦੁਬਾਰਾ ਬਿਕਵਾਲੀ ‘ਤੇ 500 ਫੀਸਦ ਟੈਰਿਫ ਲਗਾਉਣ ਦਾ ਪ੍ਰਸਤਾਵ ਹੈ ਜਿਸਨੂੰ ਸੈਨੇਟ ਦੀ ਵਿਦੇਸ਼ੀ ਸੰਬੰਧਾਂ ਦੀ ਕਮੇਟੀ ‘ਚ ਸਮਰਥਨ ਪ੍ਰਾਪਤ ਹੈ।






