ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (UIDAI) ਨੇ ਹਾਲ ਹੀ ਵਿੱਚ ਨਾਗਰਿਕਾਂ ਲਈ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ। ਇਹ ਐਪ 2017 ਵਿੱਚ ਲਾਂਚ ਕੀਤੇ ਗਏ mAdhaar ਐਪ ਤੋਂ ਵੱਖਰਾ ਹੈ। ਇਹ ਨਵਾਂ ਐਪ ਲਗਪਗ 140 ਕਰੋੜ ਆਧਾਰ ਧਾਰਕਾਂ ਲਈ ਡਿਜੀਟਲ ਪਛਾਣ ਪ੍ਰਬੰਧਨ ਨੂੰ ਸਰਲ ਅਤੇ ਵਧੇਰੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਕਈ ਅਪਡੇਟ ਕੀਤੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਇਹ ਐਪ ਯੂਜ਼ਰਜ਼ ਨੂੰ ਆਪਣੇ ਸਮਾਰਟਫੋਨ ’ਤੇ ਆਪਣੇ ਆਧਾਰ ਨੂੰ ਡਿਜੀਟਲ ਰੂਪ ਵਿੱਚ ਸਟੋਰ ਕਰਨ ਦੀ ਸਹੂਲਤ ਦੇਣ ਤੋਂ ਇਲਾਵਾ ਹੋਰ ਵੀ ਫੀਚਰਜ਼ ਉਪਲਬਧ ਕਰਵਾਉਂਦਾ ਹੈ। ਨਵੀਂ ਆਧਾਰ ਐਪ ਨੂੰ ਹੁਣ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਪਹਿਲਾਂ ਪਰਿਵਾਰਕ ਮੈਂਬਰਾਂ ਲਈ ਕਈ ਆਧਾਰ ਕਾਰਡਾਂ ਦਾ ਪ੍ਰਬੰਧਨ ਕਰਨਾ ਚੁਣੌਤੀਪੂਰਨ ਸੀ ਕਿਉਂਕਿ mAadhaar ਐਪ ਉਸ ਵਿਕਲਪ ਦਾ ਸਮਰਥਨ ਨਹੀਂ ਕਰਦਾ ਸੀ। ਪੁਰਾਣੀ ਐਪ ਯੂਜ਼ਰਜ਼ ਨੂੰ ਜ਼ਰੂਰੀ ਜਾਣਕਾਰੀ, ਜਿਵੇਂ ਕਿ ਨਾਮ, ਪਤਾ ਅਤੇ ਮੋਬਾਈਲ ਨੰਬਰ ਅਪਡੇਟ ਕਰਨ ਦੀ ਆਗਿਆ ਦਿੰਦੀ ਸੀ, ਪਰ ਫਿਰ ਵੀ ਉਨ੍ਹਾਂ ਨੂੰ ਆਧਾਰ ਸੇਵਾ ਕੇਂਦਰ ਵਿੱਚ ਜਾਣ ਦੀ ਲੋੜ ਪੈਂਦੀ ਸੀ। ਨਵੀਂ ਐਪਲੀਕੇਸ਼ਨ ਦਾ ਉਦੇਸ਼ ਇਨ੍ਹਾਂ ਵਿੱਚੋਂ ਬਹੁਤ ਸਾਰੇ ਬਿੰਦੂਆਂ ਨੂੰ ਘੱਟ ਕਰਨਾ ਹੈ।
ਯੂਜ਼ਰਜ਼ ਇਸ ਐਪ ਜ਼ਰੀਏ ਪੰਜ ਪਰਿਵਾਰਕ ਮੈਂਬਰਾਂ ਤੱਕ ਦੇ ਆਧਾਰ ਕਾਰਡ ਜੋੜ ਅਤੇ ਮੈਨੇਜ ਕਰ ਸਕਣਗੇ। ਹਾਲਾਂਕਿ ਯੂਜ਼ਰਜ਼ ਨੂੰ ਇੱਕ common ਰਜਿਸਟਰਡ ਮੋਬਾਈਲ ਨੰਬਰ ਸਾਂਝਾ ਕਰਨਾ ਹੋਵੇਗਾ, ਜਿਸ ਨਾਲ ਇੱਕ ਥਾਂ ’ਤੇ ਕਈ ਪਛਾਣਾਂ (identities) ਨੂੰ ਸੰਭਾਲਣਾ ਆਸਾਨ ਹੋ ਜਾਵੇਗਾ।







