ਹਲਕੇ ਦੇ ਪਿੰਡ ਤਲਵੰਡੀ ਭੰਗੇਰੀਆ ਦਾ ਚਰਨ ਸਿੰਘ ਕੁਵੈਤ ਦੇ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਲੰਘੇ ਤਿੰਨ ਮਹੀਨਿਆਂ ਤੋਂ ਉਹ ਭਿਆਨਕ ਬਿਮਾਰੀ ਦੀ ਜਕੜ ਵਿਚ ਆਉਣ ਸਦਕਾ ਕੁਵੈਤ ਦੇ ਇੱਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਹੈ। ਉੱਥੋਂ ਦੇ ਉਸ ਦੇ ਪੰਜਾਬੀ ਜਾਣਕਾਰ ਮੁੰਡਿਆਂ ਨੇ ਬਿਮਾਰ ਚਰਨ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਅਤੇ ਉਹ ਹੀ ਉਸ ਦੀ ਦੇਖਭਾਲ ਕਰ ਰਹੇ ਹਨ। ਚਰਨ ਸਿੰਘ ਦੇ ਇਕਲੌਤੇ ਲੜਕੇ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਜਮਾਤ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਪਿਤਾ ਰੋਜ਼ੀ ਰੋਟੀ ਲਈ ਦੋ ਸਾਲ ਪਹਿਲਾਂ ਕੁਵੈਤ ਗਿਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਉਸ ਦੇ ਉੱਥੇ ਬਿਮਾਰ ਹੋਣ ਦੀ ਜਾਣਕਾਰੀ ਮਿਲੀ। ਉਸ ਵੇਲੇ ਤੋਂ ਲੈ ਕੇ ਹੀ ਪਰਿਵਾਰ ਸਦਮੇ ਵਿਚ ਹੈ।
ਉਨ੍ਹਾਂ ਦੱਸਿਆ ਕਿ ਬਿਮਾਰੀ ਦੀ ਹਾਲਤ ਵਿੱਚ ਉਨ੍ਹਾਂ ਦਾ ਪਿਤਾ ਬੋਲਣ ਚਾਲਣ ਤੋਂ ਅਸਮਰਥ ਹੋ ਚੁੱਕਿਆ ਹੈ। ਹਫ਼ਤੇ ਦੀ ਛੁੱਟੀ ਵਾਲੇ ਦਿਨ ਉਸ ਦੇ ਸਾਥੀ ਜਿਨ੍ਹਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਉਸ ਦਾ ਪਤਾ ਲੈਣ ਜਾਂਦੇ ਹਨ ਅਤੇ ਦਵਾਈ ਵਗੈਰਾ ਦਾ ਪ੍ਰਬੰਧ ਕਰਦੇ ਹਨ। ਉਹੀ ਲੋਕ ਹੀ ਵੀਡੀਓ ਕਾਲ ਜ਼ਰੀਏ ਉਨ੍ਹਾਂ ਨੂੰ ਬਿਮਾਰ ਪਿਤਾ ਦਾ ਚਿਹਰਾ ਦਿਖਾਉਂਦੇ ਹਨ। ਉਸ ਨੇ ਦੱਸਿਆ ਕਿ ਹੁਣ ਹਸਪਤਾਲ ਨੇ ਚਰਨ ਸਿੰਘ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਹਸਪਤਾਲ ਵਲੋਂ ਲਗਪਗ 10 ਲੱਖ ਰੁਪਏ ਦਾ ਬਿੱਲ ਭਾਰਤੀ ਕਰੰਸੀ ਮੁਤਾਬਕ ਭਰਨ ਲਈ ਕਿਹਾ ਗਿਆ ਹੈ। ਚਰਨ ਸਿੰਘ ਦੇ ਪੁੱਤਰ ਮੁਤਾਬਕ ਉਹ ਪਰਿਵਾਰ ਦੀ ਮੰਦੀ ਆਰਥਿਕਤਾ ਦੇ ਚਲਦਿਆਂ ਹਸਪਤਾਲ ਦਾ ਬਿੱਲ ਭਰਨ ਤੋਂ ਅਸਮਰੱਥ ਹਨ। ਉਸ ਨੇ ਭਰੇ ਮਨ ਨਾਲ ਕਿਹਾ ਕਿ ਉਹ ਇੱਕ ਵਾਰ ਆਪਣੇ ਜਿਉਂਦੇ ਪਿਤਾ ਨੂੰ ਇੱਥੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਚਰਨ ਸਿੰਘ ਨੂੰ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।







