ਕੌਮੀ ਰਾਜਧਾਨੀ ਵਿਚ ਅੱਜ ਸੰਘਣੀ ਧੁੰਦ ਅਤੇ ਦਿਸਣ ਹੱਦ ਘੱਟ ਹੋਣ ਕਾਰਨ ਦਿੱਲੀ ਹਵਾਈ ਅੱਡੇ ’ਤੇ ਵੱਖ-ਵੱਖ ਏਅਰਲਾਈਨਾਂ ਦੀਆਂ 27 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ਹੋਰ ਦੇਰੀ ਨਾਲ ਚੱਲੀਆਂ।
ਇਸ ਦੌਰਾਨ ਇੰਡੀਗੋ ਏਅਰਲਾਈਨ ਦੀ ਵੈੱਬਸਾਈਟ ਅਨੁਸਾਰ ਇੰਡੀਗੋ ਨੇ ਆਪਣੇ ਘਰੇਲੂ ਨੈੱਟਵਰਕ ’ਤੇ 59 ਉਡਾਣਾਂ ਰੱਦ ਕਰ ਦਿੱਤੀਆਂ ਹਨ।
ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਦਿਸਣਯੋਗਤਾ ਕਾਰਨ ਦਿੱਲੀ ਹਵਾਈ ਅੱਡੇ ’ਤੇ 27 ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 16 ਰਵਾਨਾ ਹੋਣ ਵਾਲੀਆਂ ਅਤੇ 11 ਇੱਥੇ ਆਉਣ ਵਾਲੀਆਂ ਸਨ।
ਦਿੱਲੀ ਹਵਾਈ ਅੱਡਾ ਅਥਾਰਿਟੀ ਨੇ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਸੰਘਣੀ ਧੁੰਦ ਕਾਰਨ ਕਈ ਉਡਾਣਾਂ ਵਿਚ ਵਿਘਨ ਪੈ ਸਕਦਾ ਹੈ, ਇਸ ਕਰ ਕੇ ਘਰ ਤੋਂ ਤੁਰਨ ਤੋਂ ਪਹਿਲਾਂ ਉਡਾਣ ਦੀ ਸਥਿਤੀ ਜ਼ਰੂਰ ਦੇਖੀ ਜਾਵੇ।
ਇੰਡੀਗੋ ਵੈੱਬਸਾਈਟ ਅਨੁਸਾਰ ਏਅਰਲਾਈਨ ਨੇ ਵੀਰਵਾਰ ਨੂੰ 59 ਉਡਾਣਾਂ ਰੱਦ ਕੀਤੀਆਂ ਅਤੇ ਇਸ ਤੋਂ ਇਲਾਵਾ ਸ਼ੁੱਕਰਵਾਰ ਲਈ 28 ਹੋਰ ਉਡਾਣਾਂ ਰੱਦ ਕੀਤੀਆਂ। ਹਾਲਾਂਕਿ ਇੰਡੀਗੋ ਨੇ ਇਨ੍ਹਾਂ ਨੂੰ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ।
ਹਵਾਬਾਜ਼ੀ ਨਿਗਰਾਨ ਨੇ ਵੀ ਕਿਹਾ ਹੈ ਕਿ ਇਸ ਮੌਸਮ ਦੌਰਾਨ ਏਅਰਲਾਈਨਾਂ ਆਪਣੇ ਕੈਟ-3 ਟਰੇਨਡ ਪਾਇਲਟਾਂ ਨੂੰ ਹੀ ਤਾਇਨਾਤ ਕਰਨ। PTI







