ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸੰਤ ਅਵਤਾਰ ਸਿੰਘ ਹੈਡ ਦਰਬਾਰ ਕੋਟਿ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਦੀ ਦੇਖ ਰੇਖ ਅਧੀਨ ਸਜਾਇਆ ਗਿਆ ਸਫਰ ਏ ਸ਼ਹਾਦਤ ਮਾਰਚ ਦੂਜੇ ਪੜਾਅ ਤਹਿਤ ਕਾਈਨੌਰ ਪੁੱਜ ਗਿਆ। ਸਵੇਰੇ ਗੁਰਦੁਆਰਾ ਸ੍ਰੀ ਪਿਲਕਣ ਸਾਹਿਬ ਤੋਂ ਅਸਥਾਨ ਦੇ ਖੋਜ ਕਰਤਾ ਬਾਬਾ ਸੁਰਿੰਦਰ ਸਿੰਘ ਖਜ਼ੁਰਲਾ ਵਲੋਂ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਰਵਾਨਾ ਹੋਇਆ ਇਹ ਮਾਰਚ ਪਤਿਆਲਾਂ, ਰੈਲੋ, ਸਲੋਰਾ, ਬਹਿਰਾਮਪੁਰ, ਦੁਲਚੀਮਾਜਰਾ, ਬੂਰਮਾਜਰਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਕਾਈਨੌਰ ਪੁੱਜਿਆ। ਮਾਰਚ ਵਿੱਚ ਸ਼ਾਮਲ ਸੰਗਤ ਲਈ ਸ਼ਰਧਾਲੂਆਂ ਦੁਆਰਾ ਰਸਤੇ ਵਿੱਚ ਥਾਂ ਥਾਂ ’ਤੇ ਲੰਗਰ ਲਗਾਏ ਗਏ। ਕਾਈਨੌਰ ਪੁੱਜਣ ’ਤੇ ਪ੍ਰਧਾਨ ਮੇਵਾ ਸਿੰਘ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੇਵਾ ਸਿੰਘ ਨੇ ਸੰਤ ਅਵਤਾਰ ਸਿੰਘ ਦਾ ਧੰਨਵਾਦ ਕੀਤਾ।







