ਲੰਡਨ ਤੋਂ ਹੈਦਰਾਬਾਦ ਆ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇੱਕ ਉਡਾਣ (BA 277) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੜਕੰਪ ਮਚ ਗਿਆ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਸੋਮਵਾਰ ਨੂੰ ਕਸਟਮਰ ਸਪੋਰਟ ਸਰਵਿਸ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ ਜਿਸ ਵਿੱਚ ਹੀਥਰੋ ਤੋਂ ਆ ਰਹੀ ਇਸ ਫਲਾਈਟ ਵਿੱਚ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਸੀ। ਜਹਾਜ਼ ਦੇ ਮੰਗਲਵਾਰ ਸਵੇਰੇ ਲੈਂਡ ਕਰਦੇ ਹੀ ਹਵਾਈ ਅੱਡਾ ਅਧਿਕਾਰੀਆਂ ਨੇ ਤੁਰੰਤ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ, ਜਿਸ ਤਹਿਤ ਜਹਾਜ਼ ਨੂੰ ਇਕਾਂਤ ਖੇਤਰ ਵਿੱਚ ਲਿਜਾਇਆ ਗਿਆ ਅਤੇ ਯਾਤਰੀਆਂ ਤੇ ਉਨ੍ਹਾਂ ਦੇ ਸਾਮਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।
ਜਾਂਚ ਵਿੱਚ ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਜਹਾਜ਼ ਨੇ ਵਾਪਸ ਲੰਡਨ ਲਈ ਉਡਾਣ ਭਰੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵੀ ਇੰਡੀਗੋ ਦੀਆਂ ਦੋ ਉਡਾਣਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਇੱਕ ਜਹਾਜ਼ ਨੂੰ ਅਹਿਮਦਾਬਾਦ ਵੱਲ ਮੋੜਨਾ ਪਿਆ ਸੀ।







