ਮੁਹਾਲੀ ਦੇ ਫੇਜ਼ ਪੰਜ ਦੀ ਕੋਠੀ ਨੰਬਰ 1764 ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਕੁਮਾਰੀ ਗੋਇਲ (66) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਪਰਿਵਾਰ ਦੇ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ। ਘਟਨਾ ਸਮੇਂ ਅਸ਼ੋਕ ਕੁਮਾਰੀ ਗੋਇਲ ਅਤੇ ਉਨ੍ਹਾਂ ਦਾ ਨੌਕਰ ਹੀ ਘਰ ਵਿਚ ਮੌਜੂਦ ਸਨ। ਐਡਵੋਕੇਟ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਵਕੀਲ ਧੀ ਨਾਲ ਮਸਕਟ (ਓਮਾਨ) ਰਹਿੰਦੀ ਡਾਕਟਰ ਬੇਟੀ ਨੂੰ ਮਿਲਣ ਗਏ ਹੋਏ ਸਨ।
ਜਾਣਕਾਰੀ ਅਨੁਸਾਰ ਬੀਤੀ ਰਾਤ ਵਾਪਰੀ ਘਟਨਾ ਦਾ ਪਤਾ ਸਵੇਰੇ ਉਦੋਂ ਲੱਗਿਆ, ਜਦੋਂ ਘਰ ਦਾ ਕੰਮ ਕਰਨ ਵਾਲੀ ਨੌਕਰਾਣੀ ਘਰ ਆਈ ਤਾਂ ਉਸ ਨੇ ਵੇਖਿਆ ਕਿ ਨੌਕਰ ਨੀਰਜ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ ਅਤੇ ਅਸ਼ੋਕ ਕੁਮਾਰੀ ਗੋਇਲ ਨੂੰ ਵੀ ਬੰਨ੍ਹ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਹੋਈ ਸੀ। ਘਰ ਦੇ ਸਮੁੱਚੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਣਪਛਾਤਿਆਂ ਨੇ ਘਰ ਵਿੱਚੋਂ ਲੁੱਟਣ ਦੀ ਨੀਅਤ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੋਵੇ। ਪੁਲੀਸ ਵੱਲੋਂ ਐਡਵੋਕੇਟ ਕ੍ਰਿਸ਼ਨ ਕੁਮਾਰ ਗੋਇਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਕਿ ਘਰ ਵਿਚੋਂ ਚੋਰੀ ਹੋਏ ਗਹਿਣੇ, ਨਕਦੀ ਆਦਿ ਬਾਰੇ ਜਾਣਕਾਰੀ ਮਿਲ ਸਕੇ।
ਘਟਨਾ ਦਾ ਪਤਾ ਲੱਗਦਿਆਂ ਹੀ ਐਸ ਪੀ ਸਿਟੀ ਦਿਲਪ੍ਰੀਤ ਸਿੰਘ ਅਤੇ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਵੱਲੋਂ ਫੋਰੈਂਸਿਕ ਟੀਮ ਬੁਲਾ ਕੇ ਮੌਕੇ ਤੋਂ ਨਮੂਨੇ ਵੀ ਹਾਸਿਲ ਕੀਤੇ ਗਏ। ਐਸ ਪੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਘਰ ਵਿਚੋਂ ਹੋਈ ਫਰੋਲਾ ਫਰਾਲੀ ਦੀ ਪੁਸ਼ਟੀ ਕੀਤੀ। ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾਇਆ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿਚ ਵੀ ਕੈਦ ਹੋਈ ਹੈ। ਦੋ ਅਣਪਛਾਤੇ ਵਿਅਕਤੀ ਐਡਵੋਕੇਟ ਗੋਇਲ ਦੇ ਘਰ ਦਾਖ਼ਿਲ ਹੁੰਦੇ ਵਿਖਾਈ ਦੇ ਰਹੇ ਹਨ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾ ਕੇ ਦਰਵਾਜ਼ਾ ਖੁਲਵਾਇਆ ਅਤੇ ਇਸ ਮਗਰੋਂ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਬਾਅਦ ਵਿਚ ਇੱਥੋਂ ਚਲੇ ਗਏ। ਘਟਨਾ ਨਾਲ ਸਮੁੱਚੇ ਖੇਤਰ ਵਿਚ ਸਹਿਮ ਦਾ ਮਾਹੌਲ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਬਲਜੀਤ ਕੌਰ, ਸਾਬਕਾ ਕੌਂਸਲਰ ਕੁਲਦੀਪ ਕੌਰ ਕੰਗ ਨੇ ਵੀ ਇਸ ਮੌਕੇ ਪਹੁੰਚ ਕੇ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਇਸ ਖੇਤਰ ਵਿਚ ਵਾਪਰੀ ਘਟਨਾ ਤੇ ਚਿੰਤਾ ਜਾਹਿਰ ਕਰਦਿਆਂ ਮੁਹਾਲੀ ਦੀ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸੇ ਮਹੀਨੇ ਪਹਿਲਾਂ ਰਾਣਾ ਬਲਾਚੌਰੀਆ ਦਾ ਦਿਨ ਦਿਹਾੜੇ ਕਤਲ ਹੋ ਗਿਆ ਤੇ ਹੁਣ ਐਡਵੋਕੇਟ ਗੋਇਲ ਦੀ ਪਤਨੀ ਦਾ ਕਤਲ ਹੋ ਗਿਆ ਹੈ। ਉਨ੍ਹਾਂ ਡੀ ਜੀ ਪੀ ਤੋਂ ਮੁਹਾਲੀ ਦੇ ਅਮਨ ਕਾਨੂੰਨ ਦੀ ਹਾਲਤ ਨੂੰ ਠੀਕ ਕਰਨ ਲਈ ਵਾਧੂ ਫੋਰਸ ਦੀ ਤਾਇਨਾਤੀ ਮੰਗੀ।







