ਕਸ਼ਮੀਰ ਵਾਦੀ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਦੁਪਹਿਰ ਨੂੰ ਤਾਜ਼ਾ ਬਰਫ਼ਬਾਰੀ ਹੋਈ। ਇਸ ਖੇਤਰ ਵਿਚ ਪੱਛਮੀ ਗੜਬੜੀ ਦੇ ਚਲਦਿਆਂ ਮੌਸਮ ਦਾ ਮਿਜ਼ਾਜ ਬਦਲਿਆ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਕਸ਼ਮੀਰ ਦੇ ਕੁਝ ਹਿੱਸਿਆਂ ਬਾਂਦੀਪੋਰਾ ਵਿੱਚ ਗੁਰੇਜ਼, ਬਾਰਾਮੂਲਾ ਵਿੱਚ ਗੁਲਮਰਗ ਅਤੇ ਕੁਪਵਾੜਾ ਵਿੱਚ ਮਾਛਿਲ ਵਿੱਚ ਅੱਜ ਦੁਪਹਿਰ ਵੇਲੇ ਬਰਫ਼ਬਾਰੀ ਹੋਈ। ਉਨ੍ਹਾਂ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਜ਼ਿਆਦਾ ਮੀਂਹ ਪੈਣ ਦੀ ਉਮੀਦ ਨਹੀਂ ਹੈ, ਹਾਲਾਂਕਿ ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੌਸਮ ਵਿੱਚ ਅਚਾਨਕ ਆਏ ਬਦਲਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹਤਿਆਤੀ ਤੌਰ ’ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਹਨ ਤੇ ਮਸ਼ੀਨਰੀ ਨੂੰ ਤਿਆਰ ਰੱਖਿਆ ਹੈ।
ਤਾਜ਼ਾ ਬਰਫ਼ਬਾਰੀ ਦੇ ਬਾਵਜੂਦ ਕਸ਼ਮੀਰ ਵਾਦੀ ਵਿਚ ਤਾਪਮਾਨ ਔਸਤ ਤੋਂ ਤਿੰਨ ਤੋਂ ਚਾਰ ਡਿਗਰੀ ਵੱਧ ਰਿਹਾ ਹੈ।
ਸੋਮਵਾਰ ਰਾਤ ਨੂੰ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ 3.6 ਡਿਗਰੀ ਵੱਧ ਹੈ। ਇਸ ਖੇਤਰ ਵਿਚੋਂ ਗੁਲਮਰਗ ਖੇਤਰ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਪਾਰਾ ਮਨਫ਼ੀ 1.6 ਡਿਗਰੀ ਸੈਲਸੀਅਸ ਰਿਹਾ। ਦੱਖਣੀ ਕਸ਼ਮੀਰ ਵਿੱਚ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਆਮਦ ਮੌਕੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪੀਟੀਆਈ







