ਜਰਮਨੀ ਦੇ ਚਾਂਸਲਰ ਫਰੀਡਰਿਕ ਮਰਜ਼ ਅਗਲੇ ਹਫ਼ਤੇ ਭਾਰਤ ਦੇ ਦੋ ਦਿਨਾਂ ਦੌਰੇ ’ਤੇ ਆ ਰਹੇ ਹਨ, ਜਿਸ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਵਿਦੇਸ਼ ਮੰਤਰਾਲੇ (MEA) ਵੱਲੋਂ ਸੋਮਵਾਰ ਨੂੰ ਜਾਰੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਅਹਿਮਦਾਬਾਦ ਵਿੱਚ ਜਰਮਨ ਨੇਤਾ ਦਾ ਸਵਾਗਤ ਕਰਨਗੇ। ਚਾਂਸਲਰ ਵਜੋਂ ਮਰਜ਼ ਦੀ ਇਹ ਪਹਿਲੀ ਭਾਰਤ ਫੇਰੀ ਹੋਵੇਗੀ, ਜਿਸ ਦੌਰਾਨ ਉਹ ਦੇਸ਼ ਦੀ ਆਈਟੀ ਰਾਜਧਾਨੀ ਬੈਂਗਲੁਰੂ ਦਾ ਦੌਰਾ ਵੀ ਕਰਨਗੇ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਉੱਚ ਸਿਆਸੀ ਪੱਧਰ ’ਤੇ ਲਗਾਤਾਰ ਹੋ ਰਹੀਆਂ ਗੱਲਬਾਤਾਂ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਇਹ ਦੋਵਾਂ ਦੇਸ਼ਾਂ ਲਈ ਸਾਂਝੇ ਵਿਜ਼ਨ ਨੂੰ ਮੁੜ ਦੁਹਰਾਉਣ ਦਾ ਇੱਕ ਅਹਿਮ ਮੌਕਾ ਹੋਵੇਗਾ, ਜਿਸ ਨਾਲ ਭਾਰਤ ਅਤੇ ਜਰਮਨੀ ਵਿਚਕਾਰ ਭਵਿੱਖਮੁਖੀ ਸਾਂਝੇਦਾਰੀ ਨੂੰ ਹੋਰ ਬਲ ਮਿਲੇਗਾ।
ਇਸ ਮੁਲਾਕਾਤ ਦਾ ਫਾਇਦਾ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹੋਵੇਗਾ, ਬਲਕਿ ਇਹ ਵਿਸ਼ਵ ਭਾਈਚਾਰੇ ਲਈ ਵੀ ਸਾਰਥਕ ਸਿੱਧ ਹੋਵੇਗੀ।







