328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੁਲੀਸ ਨੂੰ ਸਹਿਯੋਗ ਨਾ ਦੇਣ ਦੇ ਫੈਸਲੇ ਖਿਲਾਫ ਅੱਜ ਮਾਨ ਦਲ ਵੱਲੋਂ ਇਥੇ ਸ਼੍ਰੋਮਣੀ ਕਮੇਟੀ ਦਫਤਰ ਦੇ ਨੇੜੇ ਰੋਸ ਵਿਖਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਤਾ ਲਾਉਣ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ ਪੁਲੀਸ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਇਸ ਕਰ ਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਚੂੜੀਆਂ ਸੌਂਪਣ ਲਈ ਲਿਆਂਦੀਆਂ ਗਈਆਂ ਹਨ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਜਾਣ ਤੋਂ ਰੋਕ ਦਿੱਤਾ।
ਇਹ ਰੋਸ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੀਬੀਆਂ ਦੇ ਜਥੇ ਵੱਲੋਂ ਕੀਤਾ ਗਿਆ। ਬਾਅਦ ਦੁਪਹਿਰ ਪ੍ਰਦਰਸ਼ਨਕਾਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਮੰਗ ਪੱਤਰ ਅਤੇ ਪ੍ਰਤੀਕਾਤਮਕ ਤੌਰ ’ਤੇ ਚੂੜੀਆਂ ਸੌਂਪਣ ਲਈ ਲੰਗਰ ਗੇਟ ’ਤੇ ਇਕੱਠ ਕੀਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਜਥੇ ਨੂੰ ਲੰਗਰ ਗੇਟ ’ਤੇ ਹੀ ਰੋਕ ਲਿਆ ਗਿਆ। ਪੁਲਿਸ ਅਧਿਕਾਰੀ ਨੇ ਆਖਿਆ ਕਿ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ।
ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਬਿਜੇ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਮਾਮਲੇ ਵਿੱਚ ਤੁਰੰਤ ਅਤੇ ਪਾਰਦਰਸ਼ੀ ਕਾਰਵਾਈ ਦੀ ਮੰਗ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਪਰ ਉਨ੍ਹਾਂ ਚੂੜੀਆਂ ਲੈਣ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਚੂੜੀਆਂ ਭੇਟ ਕਰਨ ਦਾ ਇਹ ਕਾਰਜ ਸਿੱਖ ਪਰੰਪਰਾ ਅਨੁਸਾਰ ਹੈ। ਉਨ੍ਹਾਂ ਮਾਈ ਭਾਗੋ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਤਿਆਗਣ ਵਾਲੇ ਚਾਲੀ ਸਿੰਘ ਰਾਹ ਭੁੱਲ ਗਏ ਸਨ, ਤਦ ਮਾਈ ਭਾਗੋ ਨੇ ਉਨ੍ਹਾਂ ਨੂੰ ਚੂੜੀਆਂ ਦੇ ਕੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਅਤੇ ਗੁਰੂ ਸਾਹਿਬ ਕੋਲ ਵਾਪਸੀ ਲਈ ਪ੍ਰੇਰਿਆ। ਉਸੇ ਤਰ੍ਹਾਂ ਅੱਜ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਨਾਕਾਮੀ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰੀ ਯਾਦ ਦਿਵਾਈ ਜਾ ਰਹੀ ਹੈ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਗਾਇਆ ਕਿ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੀ ਸਹੀ ਜਾਂਚ ਨਾ ਕਰਨਾ ਇੱਕ ਅਪਰਾਧ ਹੈ। ਕਥਿਤ ਵਿੱਤੀ ਹੇਰਾ ਫੇਰੀ ਦੇ ਬਾਵਜੂਦ ਜਾਂਚ ਨਾ ਹੋਣਾ, ਜ਼ਿੰਮੇਵਾਰ ਸਟਾਫ ਦੀ ਨਿਯੁਕਤੀ ਨਾ ਕਰਨਾ ਅਤੇ ਅਪਰਾਧਿਕ ਕਾਰਵਾਈ ਨਾ ਕਰਨਾ ਗੰਭੀਰ ਮਸਲੇ ਹਨ। ਉਨ੍ਹਾਂ ਕਿਹਾ ਕਿ
ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰਟਡ ਅਕਾਊਂਟੈਂਟ ਸਬੰਧੀ ਰਿਕਾਰਡ ਦੀ ਮੰਗ ਕੀਤੀ ਗਈ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਰਿਕਾਰਡ ਨਾ ਦੇ ਕੇ ਉਸ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਜਦੋਂ ਕਿ ਸ਼੍ਰੀ ਅਕਾਲ ਤਖਤ ਵੱਲੋਂ ਵੀ ਉਸ ਕੋਲੋਂ ਰਕਮ ਵਸੂਲਣ ਵਾਸਤੇ ਆਖਿਆ ਗਿਆ ਹੈ।







