ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਟੌਲ ਪਲਾਜ਼ੇ ਮੁਫਤ ਕਰਨ ਦੇ ਐਲਾਨ ਅਧੀਨ ਲਾਲੜੂ ਨੇੜੇ ਪੈਂਦੇ ਦੱਪਰ ਟੌਲ ਪਲਾਜ਼ੇ ਨੂੰ ਤਿੰਨ ਘੰਟੇ ਲਈ ਮੁਫਤ ਕੀਤਾ ਗਿਆ। ਇਸ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਕਿਸਾਨਾਂ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹਰ ਕਿਸਮ ਦੇ ਵਾਹਨਾਂ ਨੂੰ ਬਿਨਾਂ ਟੌਲ ਅਦਾ ਕੀਤੇ ਲੰਘਣ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਇਹ ਮਸਲਾ ਸਿਰਫ਼ ਕਿਸਾਨਾਂ ਦਾ ਨਹੀਂ, ਸਗੋਂ ਪੂਰੇ ਸਮਾਜ ਦੇ ਇਨਸਾਫ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਕੌਮੀ ਇਨਸਾਫ਼ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀਆਂ ਤਿੰਨ ਟਰਾਲੀਆਂ ਲਗਾਤਾਰ ਮੋਰਚੇ ’ਚ ਮੌਜੂਦ ਹਨ।
ਅੱਜ ਦੇ ਐਕਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਐਗਜ਼ੈਕਟਿਵ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬਲਜੀਤ ਸਿੰਘ ਭਾਊ, ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰੀ ਸਿੰਘ ਚਡਿਆਲਾ, ਜਗਤਾਰ ਸਿੰਘ ਝਰਮੜੀ, ਹਰੀ ਸਿੰਘ ਬਹੋੜਾ, ਨਾਨੂੰ ਸਿੰਘ ਜਨੇਤਪੁਰ, ਨੈਬ ਸਿੰਘ ਬਾਜਵਾ, ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਖਾਸਪੁਰ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਹਾਜ਼ਰ ਸਨ।







