ਸੁਪਰੀਮ ਕੋਰਟ ਨੇ ਗੈਂਗਸਟਰ ਅਬੂ ਸਲੇਮ ਦੇ ਭਾਰਤ ਵਿੱਚ 25 ਸਾਲ ਦੀ ਕੈਦ ਪੂਰੀ ਕਰਨ ਦੇ ਦਾਅਵੇ ’ਤੇ ਸਵਾਲ ਉਠਾਏ ਹਨ। ਸਰਬਉੱਚ ਕੋਰਟ ਨੇ ਗੈਂਗਸਟਰ ਨੂੰ ਸਵਾਲ ਕੀਤਾ ਕਿ ਉਹ ਨਵੰਬਰ 2005 ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਦੀ ਮਿਆਦ ਦੀ ਗਿਣਤੀ ਮਿਣਤੀ ਕਿਵੇਂ ਕਰ ਰਿਹਾ ਹੈ। 1993 ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਸਲੇਮ ਨੂੰ ਲੰਬੀ ਕਾਨੂੰਨੀ ਚਾਰਾਜੋਈ ਮਗਰੋਂ 11 ਨਵੰਬਰ, 2005 ਨੂੰ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ। ਸਲੇਮ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਸਜ਼ਾ 25 ਸਾਲ ਤੋਂ ਵੱਧ ਨਹੀਂ ਹੋ ਸਕਦੀ ਕਿਉਂਕਿ ਭਾਰਤ ਨੇ ਉਸ ਦੀ ਹਵਾਲਗੀ ਮੌਕੇ ਪੁਰਤਗਾਲ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਸਲੇਮ ਵੱਲੋਂ ਪੇਸ਼ ਵਕੀਲ ਨੂੰ ਸਵਾਲ ਪੁੱਛਿਆ, ‘‘”ਸਭ ਤੋਂ ਪਹਿਲਾਂ, ਤੁਸੀਂ 2005 ਤੋਂ 25 ਸਾਲ ਕਿਵੇਂ ਗਿਣਦੇ ਹੋ?’’ ਸੁਪਰੀਮ ਕੋਰਟ ਸਲੇਮ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਬੰਬੇ ਹਾਈ ਕੋਰਟ ਦੇ ਪਿਛਲੇ ਸਾਲ ਜੁਲਾਈ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ 25 ਸਾਲਾਂ ਦੀ ਮਿਆਦ ਅਜੇ ਪੂਰੀ ਨਹੀਂ ਹੋਈ ਹੈ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸਲੇਮ ਦੇ ਵਕੀਲ ਨੇ ਕਿਹਾ ਕਿ ਗਣਨਾ ਅਨੁਸਾਰ ਉਸ ਨੇ 25 ਸਾਲ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ। ਇਸ ਉੱਤੇ ਬੈਂਚ ਨੇ ਪੁੱਛਿਆ, ‘‘ਤੁਹਾਨੂੰ ਅਸਲ ਵਿੱਚ ਕਿਸ ਤਰੀਕ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ?’’ ਵਕੀਲ ਨੇ ਕਿਹਾ ਕਿ ਸਲੇਮ ਨੂੰ 11 ਨਵੰਬਰ, 2005 ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਬੈਂਚ ਨੇ ਕਿਹਾ, ‘‘ਤਾਂ ਤੁਸੀਂ ਆਪਣੀ ਛੋਟ ਸਮੇਤ 25 ਸਾਲਾਂ ਦੀ ਗਣਨਾ ਕਰਦੇ ਹੋ? ਤੁਹਾਡੀ (ਸਲੇਮ) ਸਜ਼ਾ ਟਾਡਾ (ਅਤਿਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ (ਰੋਕਥਾਮ) ਐਕਟ ਅਧੀਨ ਹੈ। ਆਓ ਮਹਾਰਾਸ਼ਟਰ ਦੇ ਜੇਲ੍ਹ ਨਿਯਮਾਂ ਨੂੰ ਵੇਖੀਏ। ਕੀ ਅਜਿਹੇ ਮਾਮਲੇ ਵਿੱਚ ਜਿੱਥੇ ਦੋਸ਼ੀ ਨੂੰ ਟਾਡਾ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ, ਉਸ ਨੂੰ ਇੱਕ ਦਿਨ ਦੀ ਛੋਟ ਮਿਲੇਗੀ ਜਾਂ ਨਹੀਂ?’’ ਇਸ ਵਿੱਚ ਕਿਹਾ ਗਿਆ ਹੈ। ਸਲੇਮ ਦੇ ਵਕੀਲ ਨੇ ਕਿਹਾ ਕਿ ਉਹ ਸਬੰਧਤ ਜੇਲ੍ਹ ਨਿਯਮਾਂ ਨੂੰ ਰਿਕਾਰਡ ’ਤੇ ਰੱਖਣਗੇ।
ਬੈਂਚ ਨੇ ਪਟੀਸ਼ਨਰ ਨੂੰ ਸਬੰਧਤ ਜੇਲ੍ਹ ਨਿਯਮ ਦੋ ਹਫ਼ਤਿਆਂ ਅੰਦਰ ਦਾਇਰ ਕਰਨ ਲਈ ਆਖਦਿਆਂ ਮਾਮਲੇ ਦੀ ਅਗਲੀ ਸੁਣਵਾਈ 9 ਫਰਵਰੀ ਲਈ ਨਿਰਧਾਰਿਤ ਕਰ ਦਿੱਤੀ। ਕਾਬਿਲੇਗੌਰ ਹੈ ਕਿ ਸਲੇਮ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਰਿਹਾਈ ਦੀ ਮੰਗ ਕੀਤੀ ਸੀ। ਗੈਂਗਸਟਰ ਨੇ ਦਾਅਵਾ ਕੀਤਾ ਸੀ ਕਿ ਜੇਕਰ ਚੰਗੇ ਵਿਵਹਾਰ ਲਈ ਛੋਟ ਸ਼ਾਮਲ ਕੀਤੀ ਜਾਵੇ ਤਾਂ ਉਹ ਪਹਿਲਾਂ ਹੀ 25 ਸਾਲ ਦੀ ਕੈਦ ਕੱਟ ਚੁੱਕਾ ਹੈ। ਹਾਈ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ ਪਰ ਕਿਸੇ ਵੀ ਅੰਤਰਿਮ ਰਾਹਤ ਤੋਂ ਇਨਕਾਰ ਕਰ ਦਿੱਤਾ ਸੀ।







