ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਸਾਧਾਰਨ ਪੇਸ਼ਕਦਮੀ ਤਹਿਤ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਕੋਲਾ ਘੁਟਾਲਾ ਕੇਸ ਨੂੰ ਲੈ ਕੇ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਦਫ਼ਤਰ ਅਤੇ ਇਸ ਦੇ ਡਾਇਰੈਕਟਰ ਦੇ ਦਫ਼ਤਰ ’ਤੇ ਛਾਪਿਆਂ ਦੌਰਾਨ ਪੱਛਤੀ ਬੰਗਾਲ ਸਰਕਾਰ ਦੇ ਕਥਿਤ ਦਖ਼ਲਅੰਦਾਜ਼ੀ ਦਾ ਦਾਅਵਾ ਕਰਦਿਆਂ ਆਪਣੀ ਪਟੀਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਅਮਲਾ ਤੇ ਸਿਖਲਾਈ ਵਿਭਾਗ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ।
ਈਡੀ ਦੀ ਅਰਜ਼ੀ ਪਟੀਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਏਜੰਸੀ ਉਨ੍ਹਾਂ ਰਿਪੋਰਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਉਦੋਂ ਮੁੱਖ ਮੰਤਰੀ ਦੇ ਨਾਲ ਸੀ ਜਦੋਂ ਉਹ ਆਈ-ਪੈਕ ਦਫ਼ਤਰ ਗਈ ਸੀ। ਈਡੀ ਨੇ ਆਪਣੀ ਪਟੀਸ਼ਨ ਵਿਚ ਪੱਛਮੀ ਬੰਗਾਲ ਦੇ ਡੀਜੀਪੀ ਰਾਜੀਵ ਕੁਮਾਰ, ਕੋਲਕਾਤਾ ਪੁਲੀਸ ਕਮਿਸ਼ਨਰ ਮਨੋਜ ਵਰਮਾ ਤੇ ਦੱਖਣੀ ਕੋਲਕਾਤਾ ਡੀਸੀਪੀ ਪ੍ਰਿਯਾਬ੍ਰਤ ਰੌਏ ਨੂੰ ਪਾਰਟੀ ਬਣਾਇਆ ਹੈ। ਏਜੰਸੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਇਸ ਮਾਮਲੇ ਵਿਚ ਇਹ ਸਾਰੇ ਵਿਅਕਤੀ ਜ਼ਰੂਰੀ ਧਿਰਾਂ ਹਨ ਤਾਂ ਜੋ ਗਲਤੀ ਕਰਨ ਵਾਲੇ ਸੀਨੀਅਰ ਪੁਲੀਸ ਅਧਿਕਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾ ਸਕੇ, ਜੋ 8 ਜਨਵਰੀ ਨੂੰ ਈਡੀ ਦੀ ਤਲਾਸ਼ੀ ਮੁਹਿੰਮ ਵਿੱਚ ਅੜਿੱਕਾ ਪਾਉਣ ਵਾਲੇ ਸਨ।







