ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਤੋਂ ਦੋ ਰੋਜ਼ਾ ਦੌਰੇੇ ਲਈ ਪੱਛਮੀ ਬੰਗਾਲ ਤੇ ਅਸਾਮ ਜਾਣਗੇ। ਆਪਣੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰੀ ਸਮਾਗਮਾਂ ਵਿਚ ਸ਼ਾਮਲ ਹੋਣਗੇ। ਸ੍ਰੀ ਮੋਦੀ ਅਜਿਹੇ ਮੌਕੇ ਬੰਗਾਲ ਜਾ ਰਹੇ ਹਨ ਜਦੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਤੇ ਤ੍ਰਿਣਮੂਲ ਕਾਂਗਰਸ ਦੀ ਸਲਾਹਕਾਰ ਫਰਮ ਆਈ-ਪੈਕ ’ਤੇ ਈਡੀ ਦੇ ਹਾਲੀਆ ਛਾਪਿਆਂ ਨੂੰ ਲੈ ਕੇ ਸਿਆਸੀ ਘਮਸਾਣ ਸਿਖਰ ’ਤੇ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਤੇ 18 ਜਨਵਰੀ ਨੂੰ ਪੱਛਮੀ ਬੰਗਾਲ ਅਤੇ ਅਸਾਮ ਦਾ ਦੌਰਾ ਕਰਨਗੇ ਜਿੱਥੇ ਉਹ ਹਾਵੜਾ ਅਤੇ ਗੁਹਾਟੀ ਵਿਚਕਾਰ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਸ੍ਰੀ ਮੋਦੀ ਦੋਵਾਂ ਚੋਣਾਂ ਵਾਲੇ ਰਾਜਾਂ ਵਿੱਚ ਨੀਂਹ ਪੱਥਰ ਰੱਖਣਗੇ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਲਈ ਭੂਮੀ ਪੂਜਨ ਕਰਨਗੇ।
ਪ੍ਰਧਾਨ ਮੰਤਰੀ 17 ਜਨਵਰੀ ਨੂੰ ਘੱਟਗਿਣਤੀ ਵਾਲੇ ਮਾਲਦਾ ਅਤੇ ਹੂਗਲੀ ਜ਼ਿਲ੍ਹੇ ਦੇ ਸਿੰਗੂਰ ਵਿੱਚ ਰੈਲੀਆਂ ਕਰਨਗੇੇ। ਸਿੰਗੂਰ ਉਹ ਇਲਾਕਾ ਜਿੱਥੇ ਟਾਟਾ ਨੇ 2008 ਵਿਚ ਟੀਐੱਮਸੀ ਦੇ ਵਿਰੋਧ ਪ੍ਰਦਰਸ਼ਨਾਂ ਕਰਕੇ ਛੋਟਾ ਕਾਰ ਨੈਨੋ ਪਲਾਂਟ ਲਾਉਣ ਦਾ ਫੈਸਲਾ ਵਾਪਸ ਲੈ ਲਿਆ ਸੀ। ਪੱਛਮੀ ਬੰਗਾਲ ’ਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਥਾਵਾਂ ਮਜ਼ਬੂਤ ਚੋਣ ਅਤੇ ਸਿਆਸੀ ਪ੍ਰਭਾਵ ਰੱਖਦੀਆਂ ਹਨ।







