ਪਟਿਆਲਾ ਸ਼ਹਿਰ ਦੇ ਵਸਨੀਕ ਹਰਪਾਲ ਜੁਨੇਜਾ ਨੂੰ ਪੰਜਾਬ ਸਰਕਾਰ ਨੇ ਪੀਆਰਟੀਸੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਰਣਜੋਧ ਹਡਾਣਾ ਦੀ ਥਾਂ ਲਈ ਹੈ। ਸ੍ਰੀ ਹਡਾਣਾ ਨੂੰ ਪਿਛਲੇ ਦਿਨੀਂ ਪੀਆਰਟੀਸੀ ਦੇ ਚੇਅਰਮੈਨ ਦੇ ਨਾਲ ਨਾਲ ਉਦੋਂ ਸਨੌਰ ਹਲਕੇ ਦਾ ਇੰਚਾਰਜ ਵੀ ਬਣਾ ਦਿੱਤਾ ਗਿਆ ਸੀ ਜਦੋਂ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਸਰਕਾਰ ਖਿਲਾਫ ਬਗਾਵਤ ਕਰ ਦਿੱਤੀ ਸੀ। ਇਸ ਤਰ੍ਹਾਂ ਹੁਣ ਉਨ੍ਹਾਂ ਤੋਂ ਇਨ੍ਹਾਂ ਦੋਵੇਂ ਵੱਡੇ ਅਹੁਦਿਆਂ ਵਿੱਚੋਂ ਇੱਕ ਪੀਆਰਟੀਸੀ ਦੀ ਚੇਅਰਮੈਨੀ ਵਾਪਸ ਲੈ ਕੇ ਇਸ ‘ਤੇ ਹਰਪਾਲ ਜੁਨੇਜਾ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਜੁਨੇਜਾ ਅਕਾਲੀ ਪਿਛੋਕੜ ਵਾਲੇ ਨੇਤਾ ਹਨ। ਉਹ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਅਤੇ ਪਟਿਆਲਾ ਸ਼ਹਿਰੀ ਹਲਕੇ ਦੇ ਇੰਚਾਰਜ ਵੀ ਰਹੇ ਹਨ। ਉਨ੍ਹਾਂ ਦੇ ਪਿਤਾ ਤੇ ਉੱਘੇ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੂੰ ਅਕਾਲੀ ਦਲ ਬਾਦਲ ਨੇ ਪਟਿਆਲਾ ਵਿੱਚ ਕੁਝ ਸਾਲ ਪਹਿਲਾਂ ਹੋਈ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੀ ਮੈਦਾਨ ਵਿੱਚ ਉਤਾਰਿਆ ਸੀ।







