ਨਵੀਂ ਦਿੱਲੀ ਵਿੱਚ ਇੰਡੀਆ AI ਇੰਪੈਕਟ ਸਮਿਟ 2026 ਦੀ ਸ਼ੁਰੂਆਤ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ’ਤੇ ਇੰਨੇ ਵੱਡੇ ਪੱਧਰ ਦਾ ਵਿਸ਼ਵ ਸੰਮੇਲਨ ਗਲੋਬਲ ਸਾਊਥ (ਵਿਕਾਸਸ਼ੀਲ ਦੇਸ਼ਾਂ) ਦੇ ਕਿਸੇ ਦੇਸ਼ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਸੁਪਨਿਆਂ ਬਾਰੇ ਵਿਸਥਾਰ ਵਿਚ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਭਾਰਤ ਨੂੰ ਸਾਲ 2047 ਤੱਕ ਦੁਨੀਆ ਦੀਆਂ ਸਿਖਰਲੀਆਂ ਤਿੰਨ AI ਮਹਾਂਸ਼ਕਤੀਆਂ ਵਿੱਚ ਸ਼ਾਮਲ ਕਰਨਾ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ AI ਤਕਨਾਲੋਜੀ ਵਧੇਰੇ ਉੱਨਤ ਹੁੰਦੀ ਜਾ ਰਹੀ ਹੈ, ਉਵੇਂ-ਉਵੇਂ ਸਾਡੀ ਜ਼ਿੰਮੇਵਾਰੀ ਦੀ ਭਾਵਨਾ ਵੀ ਮਜ਼ਬੂਤ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ AI ਦਾ ਵਿਕਾਸ ਸਿਰਫ਼ ਤਕਨੀਕੀ ਤਰੱਕੀ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਇਸ ਦਾ ਫਾਇਦਾ ਸਮਾਜ ਦੇ ਹਰ ਵਰਗ ਤੱਕ ਪਹੁੰਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅਨੁਸਾਰ ਭਾਰਤ AI ਦੀ ਵਰਤੋਂ ਸਿੱਖਿਆ, ਸਿਹਤ ਅਤੇ ਖੇਤੀਬਾੜੀ ਵਰਗੇ ਅਹਿਮ ਖੇਤਰਾਂ ਵਿੱਚ ਸੁਧਾਰ ਲਿਆਉਣ ਲਈ ਕਰੇਗਾ ਤਾਂ ਕਿ ਆਮ ਲੋਕਾਂ ਦਾ ਜੀਵਨ ਸੌਖਾ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ AI ਦੇ ਨੈਤਿਕ (Ethical) ਇਸਤੇਮਾਲ ਅਤੇ ਇਸ ਨਾਲ ਜੁੜੇ ਸੰਭਾਵੀ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ’ਤੇ ਵੀ ਚਰਚਾ ਕੀਤੀ।







