ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਅਫਸਰਸ਼ਾਹ (Bureaucrats) ਹੁਣ ਵਿਧਾਨ ਸਭਾ ਦੇ ਨਿਸ਼ਾਨੇ ’ਤੇ ਹਨ। ਵਿਧਾਨ ਸਭਾ ਸਪੀਕਰ ਕੁਲਦੀਪ ਪਠਾਨੀਆ ਨੇ ਅਫਸਰਾਂ ਵੱਲੋਂ ਵਿਧਾਇਕਾਂ ਦੇ ਫੋਨ ਨਾ ਚੁੱਕਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਇਹ ਮੁੱਦਾ ਗਗਰੇਟ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਨੇ ਸਦਨ ਵਿੱਚ ਚੁੱਕਿਆ ਉਨ੍ਹਾਂ ਕਿਹਾ ਕਿ ਜੇਕਰ ਅਫ਼ਸਰ ਜਨਤਕ ਮੁੱਦਿਆਂ ’ਤੇ ਲੋਕ ਨੁਮਾਇੰਦਿਆਂ ਦੇ ਫੋਨ ਹੀ ਨਹੀਂ ਚੁੱਕਦੇ, ਤਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਟੈਲੀਫੋਨ ਭੱਤਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਕਾਲੀਆ ਦੇ ਇਸ ਬਿਆਨ ਦਾ ਹੋਰਨਾਂ ਵਿਧਾਇਕਾਂ ਨੇ ਵੀ ਮੇਜ਼ ਥਪਥਪਾ ਕੇ ਸਮਰਥਨ ਕੀਤਾ।
ਸਪੀਕਰ ਕੁਲਦੀਪ ਪਠਾਨੀਆ ਨੇ ਵਿਧਾਇਕ ਕਾਲੀਆ ਨੂੰ ਅਜਿਹੇ ਅੜੀਅਲ ਅਫਸਰਾਂ ਦੇ ਨਾਮ ਲਿਖਤੀ ਰੂਪ ਵਿੱਚ ਵਿਧਾਨ ਸਭਾ ਸਕੱਤਰੇਤ ਨੂੰ ਦੇਣ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਰਾਕੇਸ਼ ਕਾਲੀਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਫਸਰਾਂ ਦਾ ਇਹ ਰਵੱਈਆ ਨਾ ਬਦਲਿਆ ਤਾਂ ਉਹ 200 ਲੋਕਾਂ ਨੂੰ ਨਾਲ ਲੈ ਕੇ ਸ਼ਿਮਲਾ ਵਿੱਚ ਧਰਨਾ ਦੇਣਗੇ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਜਨਤਕ ਸਮੱਸਿਆਵਾਂ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਿਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਮੰਤਰੀ ਵੀ ਅਫਸਰਸ਼ਾਹੀ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਵਤੀਰੇ ’ਤੇ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।






