ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੋਂ ਵੱਖ ਹੋਏ ਧੜੇ ਦੇ ਇੱਕ ਮੰਚ ‘ਤੇ ਇਕੱਠੇ ਹੋਣ ਦੀਆਂ ਅਟਕਲਾਂ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇੱਕ ਵੀਡੀਓ ਕਲਿੱਪ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਵੀਡੀਓ ਕਲਿੱਪ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ, ਜੋ ਵੱਖਰੇ ਧੜੇ ’ਚ ਹਨ, ਇੱਕ ਇਮਾਰਤ ਦੀ ਲਾਬੀ ਵਿੱਚ ਇੱਕ-ਦੂਜੇ ਨਾਲ ਸੁਖ-ਸਾਂਦ ਪੁੱਛਦੇ ਨਜ਼ਰ ਆਏ।ਦਰਅਸਲ, ਇਹ ਤਿੰਨੋਂ ਇੱਕ ਪੁਰਾਣੇ ਕੇਸ ਸਬੰਧੀ ਚੰੜੀਗੜ੍ਹ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਸਨ। ਚੰਦੂਮਾਜਰਾ ਅਤੇ ਰੱਖੜਾ ਨੇ ਬਾਦਲਾਂ ਦੇ ਖ਼ਿਲਾਫ਼ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ‘ਅਕਾਲੀ ਦਲ ਪੁਨਰ ਸੁਰਜੀਤ’ ਦੀ ਪ੍ਰਮੁੱਖਤਾ ਨਾਲ ਅਗਵਾਈ ਕੀਤੀ ਸੀ।
ਇਸ ਦੌਰਾਨ ਚੰਦੂਮਾਜਰਾ ਨੇ ਮਜੀਠੀਆ ਨਾਲ ਗੱਲਬਾਤ ਸ਼ੁਰੂ ਕਰਨ ਲਈ ਪਹਿਲ ਕੀਤੀ, ਜੋ ਇੱਕ ਫੋਨ ਕਾਲ ਸੁਣ ਰਹੇ ਸਨ, ਅਤੇ ਉਨ੍ਹਾਂ ਨੂੰ ‘ਆਓ ਜੀ… ਮਾਝੇ ਦੇ ਜਰਨੈਲ ਸਾਹਿਬ’ ਕਹਿ ਕੇ ਸੰਬੋਧਨ ਕੀਤਾ। ਤੁਰੰਤ, ਮਜੀਠੀਆ ਨੇ ਵੀ ਉਸੇ ਅੰਦਾਜ਼ ਵਿੱਚ ਜਵਾਬ ਦਿੱਤਾ, ਚੰਦੂਮਾਜਰਾ ਨੂੰ ਮਿਲਣ ਲਈ ਚੱਲ ਰਹੀ ਫੋਨ ਕਾਲ ਤੁਰੰਤ ਕੱਟ ਦਿੱਤੀ। ਬਾਅਦ ਵਿੱਚ, ਉਹ ਦੋਵੇਂ ਇੱਕ ਕੋਨੇ ਵਿੱਚ ਚਲੇ ਗਏ। ਉਸੇ ਥਾਂ ‘ਤੇ ਰੱਖੜਾ ਵੀ ਸ਼ਾਮਲ ਹੋ ਗਏ ਅਤੇ ਮਜੀਠੀਆ ਨੂੰ ਨਿੱਘ ਨਾਲ ਮਿਲੇ।






