ਅਮਰੀਕਾ ਨੇ ਅੱਜ ਉੱਤਰ-ਪੂਰਬੀ ਸੀਰੀਆ ਵਿੱਚ ਆਪਣੇ ਸਭ ਤੋਂ ਵੱਡੇ ਬੇਸ ਤੋਂ ਫੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਸੀਰੀਆ ਦੀ ਫੌਜ ਤੇ ਸੁਰੱਖਿਆ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਦਮਸਕਸ ਵਿੱਚ ਅਮਰੀਕਾ ਸਹਿਯੋਗੀ ਸਰਕਾਰ ਦੇ ਕੰਟਰੋਲ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਵੱਡੇ ਪੱਧਰ ’ਤੇ ਵਾਪਸੀ ਦਾ ਹਿੱਸਾ ਹੈ। ਚਸ਼ਮਦੀਦ ਨੇ ਦੱਸਿਆ ਕਿ ਅੱਜ ਸਵੇਰੇ ਹਸਾਕਾ ਸੂਬੇ ਦੇ ਕਸਰਕ ਵਿੱਚ ਬੇਸ ਤੋਂ ਦਰਜਨਾਂ ਟਰੱਕ ਨਿਕਲੇ, ਜਿਨ੍ਹਾਂ ਵਿੱਚ ਕੁਝ ਬਖ਼ਤਰਬੰਦ ਗੱਡੀਆਂ ਸ਼ਾਮਲ ਸਨ। ਬਾਅਦ ਵਿੱਚ ਰਾਇਟਰਜ਼ ਵੱਲੋਂ ਜਾਰੀ ਤਸਵੀਰਾਂ ਵਿੱਚ ਟਰੱਕ ਕਾਮਿਸ਼ਲੀ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਹਾਈਵੇਅ ’ਤੇ ਜਾਂਦੇ ਨਜ਼ਰ ਆ ਰਹੇ ਹਨ।







