ਕਾਂਗਰਸ ਪਾਰਟੀ ਵਲੋਂ 28 ਫਰਵਰੀ ਦੀ ਬਰਨਾਲਾ ਰੈਲੀ ਲਈ ਨਿਯੁਕਤ ਕੀਤੇ ਗਏ ਮੁਹਾਲੀ ਜ਼ਿਲ੍ਹੇ ਦੇ ਇੰਚਾਰਜ ਐਡਵੋਕੇਟ ਮਨਜੀਤ ਸਿੰਘ ਝਲਬੂਟੀ ਨੇ ਅੱਜ ਕਿਹਾ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ਵਿੱਚ ਮੀਟਿੰਗਾਂ ਕਰਨ ਤੋਂ ਬਾਅਦ 28 ਫਰਵਰੀ ਨੂੰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਵਿੱਚ ਜਾਣ ਲਈ ਭਾਰੀ ਉਤਸ਼ਾਹ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬਸੀ ਦੇ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਹੋਈਆਂ ਇਨ੍ਹਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ।
ਮਨਜੀਤ ਸਿੰਘ ਝਲਬੂਟੀ ਨੇ ਕਿਹਾ ਕਿ ਜਿੰਨੀ ਦੇਰ ਤੱਕ ਮਨਰੇਗਾ ਦੇ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਕਾਂਗਰਸ ਪਾਰਟੀ ਆਪਣੀ ਜੱਦੋਜਹਿਦ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅਮਰੀਕਾ ਦੇ ਖੇਤੀ ਉਤਪਾਦਾਂ ’ਤੇ ਜ਼ੀਰੋ ਫੀਸਦੀ ਟੈਕਸ ਕਰ ਕੇ ਭਾਰਤ ਦੀ ਮੰਡੀ ਨੂੰ ਅਮਰੀਕਾ ਲਈ ਖੋਲ੍ਹ ਕੇ ਭਾਰਤ ਦੇ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ ਹੈ ਤੇ ਕਾਂਗਰਸ ਪਾਰਟੀ ਕਿਸਾਨਾਂ ਤੇ ਮਜ਼ਦੂਰਾਂ ਲਈ ਸੰਘਰਸ਼ ਕਰਦੀ ਰਹੇਗੀ।






