ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੁਣੇ ਦੇ ਚਰਚਿਤ ਪੋਰਸ਼ ਕਾਰ ਹਾਦਸੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਡਾਕਟਰ ਅਜੈ ਤਾਵਰੇ ਨੂੰ ਜ਼ਮਾਨਤ ਦੇ ਦਿੱਤੀ ਹੈ। ਡਾਕਟਰ ਤਾਵਰੇ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਹਾਦਸੇ ਵੇਲੇ ਕਾਰ ਚਲਾ ਰਹੇ 17 ਸਾਲਾ ਨਾਬਾਲਗ ਦੇ ਖੂਨ ਦੇ ਨਮੂਨਿਆਂ ਨਾਲ ਛੇੜਛਾੜ ਕੀਤੀ ਸੀ ਤਾਂ ਕਿ ਉਸ ਦੇ ਖੂਨ ਦੇ ਨਮੂਨੇ ਵਿਚ ਨਸ਼ੇ ਦੀ ਮਾਤਰਾ ਹੋਣ ਬਾਰੇ ਗੱਲ ਛੁਪਾਈ ਜਾ ਸਕੇ। ਅਦਾਲਤ ਨੇ ਇਹ ਫੈਸਲਾ ਇਸ ਆਧਾਰ ‘ਤੇ ਲਿਆ ਹੈ ਕਿ ਇਸ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇਹ ਹਾਦਸਾ 19 ਮਈ 2024 ਨੂੰ ਪੁਣੇ ਦੇ ਕਲਿਆਣੀ ਨਗਰ ਇਲਾਕੇ ਵਿੱਚ ਵਾਪਰਿਆ ਸੀ, ਜਿੱਥੇ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਮੋਟਰਸਾਈਕਲ ਸਵਾਰ ਦੋ ਆਈ.ਟੀ. ਪੇਸ਼ੇਵਰਾਂ ਨੂੰ ਕੁਚਲ ਦਿੱਤਾ ਸੀ।
ਇਸ ਤੋਂ ਪਹਿਲਾਂ ਅਦਾਲਤ ਨੇ ਕੁਝ ਹੋਰ ਮੁਲਜ਼ਮਾਂ ਨੂੰ ਜ਼ਮਾਨਤ ਦਿੰਦੇ ਹੋਏ ਟਿੱਪਣੀ ਕੀਤੀ ਸੀ ਕਿ ਅਜਿਹੀਆਂ ਘਟਨਾਵਾਂ ਲਈ ਮਾਪੇ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਦਾ ਆਪਣੇ ਬੱਚਿਆਂ ‘ਤੇ ਕਾਬੂ ਨਹੀਂ ਹੁੰਦਾ। ਇਸ ਮਾਮਲੇ ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਨਾਬਾਲਗ ਦੇ ਮਾਪੇ ਅਤੇ ਹਸਪਤਾਲ ਦਾ ਸਟਾਫ ਵੀ ਸ਼ਾਮਲ ਸੀ।





