ਆਦੀਆਂ ਪੁਲੀਸ ਪੋਸਟ ’ਤੇ ਦੋ ਪੁਲੀਸ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਕਥਿਤ ਤੌਰ ’ਤੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ 19 ਸਾਲ ਦੇ ਨੌਜਵਾਨ ਰਣਜੀਤ ਸਿੰਘ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਤੋਂ ਦੋ ਮਾਹਿਰ ਡਾਕਟਰਾਂ ਤੋਂ ਇਲਾਵਾ ਇਸ ਟੀਮ ਵਿੱਚ ਗੁਰਦਾਸਪੁਰ ਤੋਂ ਇੱਕ ਡਾਕਟਰ ਮੌਜੂਦ ਹੈ। ਸੀਜੇਐਮ ਦੀ ਮੌਜੂਦਗੀ ਵਿੱਚ ਕੀਤੇ ਜਾ ਰਹੇ ਪੋਸਟ ਮਾਰਟਮ ਦੀ ਵੀਡੀਓਗਰਾਫ਼ੀ ਕੀਤੀ ਜਾ ਰਹੀ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਨਾਲ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਰਵੀ ਦੀਪ ਬਡਿਆਲ ਅਤੇ ਮਨਪ੍ਰੀਤ ਸਿੰਘ ਔਲਖ ਵੀ ਮੌਜੂਦ ਹਨ।
ਦੂਸਰੇ ਪਾਸੇ ਇਸ ਮਾਮਲੇ ਵਿੱਚ ਗਠਿਤ 11 ਮੈਂਬਰੀ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਆਪਸੀ ਮਸ਼ਵਰੇ ਬਾਅਦ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਇਸ ਤੋਂ ਇਕ ਦਿਨ ਪਹਿਲਾਂ ਮੁਕਾਬਲੇ ਵਿੱਚ ਮਾਰੇ ਦੱਸੇ ਜਾਣ ਵਾਲੇ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ ਦੀ ਸ਼ਿਕਾਇਤ ’ਤੇ ਅਦਾਲਤ ਵੱਲੋਂ ਮਾਮਲੇ ਨਾਲ ਸਬੰਧਿਤ ਪੁਲੀਸ ਅਧਿਕਾਰੀਆਂ ਦੀਆਂ ਕਾਲ ਡਿਟੇਲਜ਼ ਅਤੇ ਜੀਪੀਐਸ ਡਿਟੇਲਜ਼ ਸੁਰੱਖਿਅਤ ਰੱਖਣ ਦੇ ਹੁਕਮ ਦਿੱਤੇ ਗਏ ਸਨ। ਅਦਾਲਤ ਨੇ ਕਿਹਾ ਸੀ ਕਿ ਘਟਨਾ ਨੇੜੇ ਸਥਾਪਤ ਸੀਸੀਟੀਵੀ ਫੁਟੇਜ, ਜੇਕਰ ਕੋਈ ਹੈ, ਨੂੰ ਸੁਰੱਖਿਅਤ ਰੱਖ ਕੇ ਜਾਂਚ ਦਾ ਹਿੱਸਾ ਬਣਾਇਆ ਜਾਵੇ। ਇਸੇ ਤਰ੍ਹਾਂ ਰਣਜੀਤ ਸਿੰਘ ਦੇ ਕਾਲ ਵੇਰਵੇ ਵੀ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ।
ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੀਆਈਏ ਇੰਚਾਰਜ ਗੁਰਮੀਤ ਸਿੰਘ, ਜਿਸ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਦਿਖਾਇਆ ਗਿਆ ਹੈ, ਦੇ ਮੈਡੀਕਲ ਰਿਕਾਰਡ ਅਤੇ ਜਾਂਚ ਦੇ ਸਬੰਧ ਵਿੱਚ ਐਸਐਮਓ, ਗੁਰਦਾਸਪੁਰ ਡਾਕਟਰੀ ਜਾਂਚ ਕਰਨ ਤੇ ਡਾਕਟਰਾਂ ਦੇ ਬੋਰਡ ਦੇ ਤਿੰਨ ਮੈਂਬਰ ਗਠਿਤ ਕਰਨ ਅਤੇ ਉਸ ਦੀ ਵਿਸਥਾਰਤ ਰਿਪੋਰਟ ਇਲਾਕਾ ਮੈਜਿਸਟ੍ਰੇਟ ਨੂੰ ਦੇਣ। ਉਸ ਦੀ ਬਾਂਹ ’ਤੇ ਗੋਲੀ ਲੱਗਣ ਦੇ ਸਬੰਧ ਵਿੱਚ ਜਾਂਚ ਕਰਕੇ ਜ਼ਖ਼ਮ ਬਾਰੇ ਇਹ ਸਪਸ਼ਟ ਕੀਤਾ ਜਾਏ ਕਿ ਉਸ ਦੀ ਬਾਂਹ ’ਤੇ ਗੋਲੀ ਆਪ ਲੱਗੀ ਹੈ ਜਾਂ ਕਿ ਮਾਰੀ ਗਈ ਹੈ।






