ਸ਼ਹਿਰ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 5 ਵਿੱਚ ਪੰਜ ਨਕਾਬਪੋਸ਼ ਹਥਿਆਰ ਬੰਦ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਨਿਹੰਗ ਸਿੰਘਾਂ ਦੇ ਭੇਸ ਵਿੱਚ 5 ਲੁਟੇਰੇ ਵਰੁਨ ਸਰਾਫ਼ ਨਾਮ ਦੇ ਸੁਨਿਆਰੇ ਦੇ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਨੂੰ ਬੰਧਕ ਬਣਾ ਕੇ 30 ਤੋਂ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਲੈ ਗਏ ਹਨ।
ਪਰਿਵਾਰ ਅਨੁਸਾਰ ਸਵੇਰੇ ਸਾਢੇ 8 ਵਜੇ ਦੇ ਕਰੀਬ ਪੰਜ ਹਥਿਆਰ ਬੰਦ ਲੁਟੇਰੇ ਗੇਟ ਖੜਕਾ ਕੇ ਉਹਨਾਂ ਦੇ ਘਰ ਵੜ ਗਏ । ਲੁਟੇਰਿਆਂ ਵੱਲੋਂ ਘਰ ਦੇ ਸਾਰੇ ਕੈਮਰੇ ਤੋੜ ਦਿੱਤੇ ਗਏ ਅਤੇ ਗੇਟ ਖੋਲ੍ਹਣ ਵਾਲੇ ਡਰਾਈਵਰ ਅਤੇ ਪੂਰੇ ਪਰਿਵਾਰ ਨੂੰ ਘਰ ਵਿੱਚ ਹੀ ਹਥਿਆਰਾਂ ਦੀ ਨੋਕ ’ਤੇ ਬੰਦੀ ਬਣਾ ਕੇ ਉਹਨਾਂ ਕੋਲੋਂ ਤਿਜੋਰੀ ਦੀ ਚਾਬੀ ਲੈ ਲਈ ਅਤੇ ਘਰ ਵਿੱਚ ਪਈ ਕਰੀਬ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਦੇ ਸੋਨਾ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲੀਸ ਜਾਂਚ ਵਿੱਚ ਜੁਟੀ ਹੋਈ ਹੈ ।






