ਸ੍ਰੀਲੰਕਾ ਦੇ ਦੱਖਣੀ ਤੱਟ ‘ਤੇ ਅਮਰੀਕੀ ਪਣਡੁੱਬੀ ਦੇ ਹਮਲੇ ਵਿੱਚ ਇਰਾਨੀ ਜੰਗੀ ਜਹਾਜ਼ ਦੇ ਡੁੱਬਣ ਅਤੇ 87 ਲੋਕਾਂ ਦੀ ਮੌਤ ਤੋਂ ਇੱਕ ਦਿਨ ਬਾਅਦ, ਹੁਣ ਸ੍ਰੀਲੰਕਾ ਆਪਣੇ ਸਮੁੰਦਰੀ ਖੇਤਰ ਦੇ ਨੇੜੇ ਮੌਜੂਦ ਇੱਕ ਦੂਜੇ ਇਰਾਨੀ ਜਹਾਜ਼ ‘ਤੇ ਸਵਾਰ ਲੋਕਾਂ ਦੀਆਂ “ਜਾਨਾਂ ਬਚਾਉਣ” ਦੀ ਕੋਸ਼ਿਸ਼ ਕਰ ਰਿਹਾ ਹੈ। ਅਧਿਕਾਰੀ ਇਸ ਦੂਜੇ ਜਹਾਜ਼ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।”
ਸਰਕਾਰੀ ਬੁਲਾਰੇ ਨਲਿੰਦਾ ਜੈਤਿਸਾ ਨੇ ਸੰਸਦ ਨੂੰ ਦੱਸਿਆ ਕਿ ਅਧਿਕਾਰੀ ਸ੍ਰੀਲੰਕਾ ਦੇ ਵਿਸ਼ੇਸ਼ ਆਰਥਿਕ ਖੇਤਰ (Exclusive Economic Zone) ਦੇ ਅੰਦਰ ਇੱਕ ਹੋਰ ਇਰਾਨੀ ਜਹਾਜ਼ ਦੀ ਮੌਜੂਦਗੀ ਬਾਰੇ ਜਾਣੂ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜਹਾਜ਼ ਫੌਜੀ ਸੀ ਜਾਂ ਨਹੀਂ, ਪਰ ਕਿਹਾ ਕਿ ਅਧਿਕਾਰੀ “ਜਾਨਾਂ ਦੀ ਰਾਖੀ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।”
ਇਰਾਨੀ ਜੰਗੀ ਜਹਾਜ਼ IRIS Dena ‘ਤੇ ਦੱਖਣੀ ਬੰਦਰਗਾਹ ਸ਼ਹਿਰ ਗਾਲੇ (Galle) ਤੋਂ ਲਗਪਗ 19 ਸਮੁੰਦਰੀ ਮੀਲ ਦੂਰ ਹਮਲਾ ਕੀਤਾ ਗਿਆ ਸੀ। ਸ੍ਰੀਲੰਕਾ ਦੀਆਂ ਬਚਾਅ ਟੀਮਾਂ ਨੇ ਬੁੱਧਵਾਰ ਤੜਕੇ ਮਿਲੀ ਬਚਾਅ ਕਾਲ (Distress call) ਤੋਂ ਬਾਅਦ 32 ਜਿਉਂਦੇ ਬਚੇ ਲੋਕਾਂ ਨੂੰ ਕੱਢ ਲਿਆ। ਵੀਰਵਾਰ ਨੂੰ ਅਜੇ ਵੀ ਲਾਪਤਾ ਲਗਪਗ 10 ਮਲਾਹਾਂ ਦੀ ਭਾਲ ਲਈ ਮੁਹਿੰਮ ਜਾਰੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਮਲਾਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਸ੍ਰੀਲੰਕਾ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਮੁੰਦਰ ਵਿੱਚੋਂ ਬਰਾਮਦ ਕੀਤੀਆਂ ਲਾਸ਼ਾਂ ਨੂੰ ਰੱਖਣ ਲਈ ਕੋਲੰਬੋ ਤੋਂ ਦੋ ਰੈਫ੍ਰਿਜੇਰੇਟਿਡ ਯੂਨਿਟ (Refrigerated units) ਭੇਜੇ ਗਏ ਹਨ।
ਇਰਾਨ ਨੇ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਜਹਾਜ਼ ਨੂੰ ਖਾੜੀ ਸੰਘਰਸ਼ ਖੇਤਰ ਤੋਂ ਹਜ਼ਾਰਾਂ ਮੀਲ ਦੂਰ ਅੰਤਰਰਾਸ਼ਟਰੀ ਪਾਣੀਆਂ ਵਿੱਚ ਬਿਨਾਂ ਕਿਸੇ ਚਿਤਾਵਨੀ ਦੇ ਨਿਸ਼ਾਨਾ ਬਣਾਇਆ ਗਿਆ ਸੀ। ਅਰਾਗਚੀ ਨੇ X ‘ਤੇ ਲਿਖਿਆ, “ਅਮਰੀਕਾ ਨੂੰ ਇਸ ਮਿਸਾਲ ‘ਤੇ ਬਹੁਤ ਪਛਤਾਵਾ ਹੋਵੇਗਾ ਜੋ ਉਸ ਨੇ ਕਾਇਮ ਕੀਤੀ ਹੈ।”
IRIS Dena ਨੇ ਹਾਲ ਹੀ ਵਿੱਚ ਬੰਗਾਲ ਦੀ ਖਾੜੀ ਵਿੱਚ ਭਾਰਤ ਵੱਲੋਂ ਆਯੋਜਿਤ ਜਲ ਸੈਨਾ ਅਭਿਆਸ ਵਿੱਚ ਹਿੱਸਾ ਲਿਆ ਸੀ ਅਤੇ ਜਦੋਂ ਇਸ ਉੱਤੇ ਹਮਲਾ ਹੋਇਆ ਤਾਂ ਇਹ ਘਰ ਵਾਪਸ ਜਾ ਰਿਹਾ ਸੀ।






