ਸ੍ਰੀਲੰਕਾ ਦੇ ਤੱਟ ਤੋਂ ਦੂਰ ਇੱਕ ਅਮਰੀਕੀ ਪਣਡੁੱਬੀ (Submarine) ਵੱਲੋਂ ਇਰਾਨੀ ਜਲ ਸੈਨਾ ਦੇ ਜੰਗੀ ਜਹਾਜ਼ ਨੂੰ ਡੁਬਾਉਣ ਦੇ ਇੱਕ ਦਿਨ ਬਾਅਦ, ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਨੇ ਚਿਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਪਾਣੀਆਂ ਵਿੱਚ ਜਹਾਜ਼ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਨੂੰ “ਭਾਰੀ ਕੀਮਤ” ਚੁਕਾਉਣੀ ਪਵੇਗੀ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦੇ ਹੋਏ ਅਰਾਗਚੀ ਨੇ ਕਿਹਾ, “ਅਮਰੀਕਾ ਨੇ ਸਮੁੰਦਰ ਵਿੱਚ, ਇਰਾਨ ਦੇ ਤੱਟਾਂ ਤੋਂ 2,000 ਮੀਲ ਦੂਰ ਹਮਲਾ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਫ੍ਰੀਗੇਟ IRIW Dena, ਜੋ ਕਿ ਭਾਰਤੀ ਜਲ ਸੈਨਾ ਦਾ ਮਹਿਮਾਨ ਸੀ ਅਤੇ ਲਗਪਗ 130 ਮਲਾਹਾਂ ਨੂੰ ਲੈ ਕੇ ਜਾ ਰਿਹਾ ਸੀ। ਅੰਤਰਰਾਸ਼ਟਰੀ ਪਾਣੀਆਂ ਵਿੱਚ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕੀਤਾ ਗਿਆ। ਇਰਾਨੀ ਵਿਦੇਸ਼ ਮੰਤਰੀ ਨੇ ਕਿਹਾ, “ਮੇਰੇ ਸ਼ਬਦ ਯਾਦ ਰੱਖਣਾ: ਅਮਰੀਕਾ ਨੂੰ ਇਸ ਮਿਸਾਲ (ਘਟਨਾ) ‘ਤੇ ਬਹੁਤ ਪਛਤਾਵਾ ਹੋਵੇਗਾ ਜੋ ਉਸ ਨੇ ਕਾਇਮ ਕੀਤੀ ਹੈ।”
ਇਸ ਤੋਂ ਪਹਿਲਾਂ ਅਮਰੀਕੀ ਰੱਖਿਆ ਸਕੱਤਰ (Secretary of War) ਪੀਟ ਹੇਗਸੇਥ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਇੱਕ ਅਮਰੀਕੀ ਪਣਡੁੱਬੀ ਨੇ ਟਾਰਪੀਡੋ ਦਾਗਿਆ ਅਤੇ ਸ੍ਰੀਲੰਕਾ ਦੇ ਪੱਛਮ ਵਿੱਚ ਇਰਾਨੀ ਜਲ ਸੈਨਾ ਦੇ ਜਹਾਜ਼ IRIS Dena ਨੂੰ ਡੁਬੋ ਦਿੱਤਾ। ਇੱਕ ਤਰ੍ਹਾਂ ਨਾਲ, ਇਰਾਨ ਅਤੇ ਅਮਰੀਕਾ-ਇਜ਼ਰਾਈਲ ਸੰਘਰਸ਼ ਭਾਰਤੀ ਤੱਟ ਦੇ ਨੇੜੇ ਪਹੁੰਚ ਗਿਆ ਹੈ। ਸਮੁੰਦਰ ਵਿੱਚ ਹੋਇਆ ਇਹ ਹਮਲਾ ਇਰਾਨ ਤੋਂ ਲਗਪਗ 4,000 ਕਿਲੋਮੀਟਰ ਦੂਰ ਸੀ, ਜਿਸ ਨਾਲ ਜੰਗ ਦਾ ਘੇਰਾ ਕਾਫ਼ੀ ਵਧ ਗਿਆ ਹੈ। ਪਹਿਲਾਂ ਹੀ, ਇਰਾਨੀ ਮਿਜ਼ਾਈਲ ਹਮਲਿਆਂ ਦੇ ਡਰੋਂ, ਕਈ ਅਮਰੀਕੀ ਜੰਗੀ ਜਹਾਜ਼ ਪੂਰਬ ਵੱਲ ਭਾਰਤ ਦੇ ਨੇੜੇ ਆ ਗਏ ਹਨ।
ਭਾਰਤ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਕੋਈ ਵੀ ਅਮਰੀਕੀ ਜਲ ਸੈਨਾ ਸੰਪਤੀ ਭਾਰਤੀ ਬੰਦਰਗਾਹਾਂ ਦੀ ਵਰਤੋਂ ਕਰ ਰਹੀ ਸੀ। ਬੁੱਧਵਾਰ ਨੂੰ ਹਮਲੇ ਦਾ ਸ਼ਿਕਾਰ ਹੋਇਆ ਇਰਾਨੀ ਜਹਾਜ਼, ਵਿਸ਼ਾਖਾਪਟਨਮ ਵਿੱਚ ਭਾਰਤ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਫਲੀਟ ਰਿਵਿਊ ਅਤੇ ‘ਅਭਿਆਸ ਮਿਲਨ’ (Exercise Milan) ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ।
ਇਰਾਨੀ ਜਹਾਜ਼ ਸਵਾਰ ਲਗਪਗ 130 ਮਲਾਹਾਂ ਸਮੇਤ ਡੁੱਬ ਗਿਆ, ਜੋ ਕਿ ਲਾਪਤਾ ਹਨ। ਸ੍ਰੀਲੰਕਾ ਦੀ ਜਲ ਸੈਨਾ ਨੇ ਬਚਾਅ ਸੰਦੇਸ਼ (distress call) ‘ਤੇ ਕਾਰਵਾਈ ਕਰਦੇ ਹੋਏ 32 ਇਰਾਨੀ ਮਲਾਹਾਂ ਨੂੰ ਬਚਾਇਆ। ਹੇਗਸੇਥ ਨੇ ਅਮਰੀਕੀ ਬਲਾਂ ਦੀ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ਹਿੰਦ ਮਹਾਸਾਗਰ ਵਿੱਚ ਡੁੱਬਿਆ ਸੀ, “ਇੱਕ ਇਰਾਨੀ ਜੰਗੀ ਜਹਾਜ਼ ਜਿਸ ਨੇ ਸੋਚਿਆ ਸੀ ਕਿ ਉਹ ਅੰਤਰਰਾਸ਼ਟਰੀ ਪਾਣੀਆਂ ਵਿੱਚ ਸੁਰੱਖਿਅਤ ਹ, ਇਸ ਦੀ ਬਜਾਏ, ਇਹ ਇੱਕ ਟਾਰਪੀਡੋ ਨਾਲ ਡੁਬੋ ਦਿੱਤਾ ਗਿਆ”।
ਹਾਲਾਂਕਿ ਹੇਗਸੇਥ ਨੇ ਹਮਲੇ ਦਾ ਸ਼ਿਕਾਰ ਹੋਏ ਇਰਾਨੀ ਜਹਾਜ਼ ਦਾ ਨਾਂ ਨਹੀਂ ਲਿਆ, ਪਰ ਇਸ ਤੋਂ ਪਹਿਲਾਂ ਸ੍ਰੀਲੰਕਾ ਦੀ ਜਲ ਸੈਨਾ ਨੇ IRIS Dena ਤੋਂ ਬਚਾਅ ਦੀ ਕਾਲ ਮਿਲਣ ਦੀ ਰਿਪੋਰਟ ਦਿੱਤੀ ਸੀ ਜਦੋਂ ਇਹ ਟਾਪੂ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਗਾਲੇ (Galle) ਤੋਂ ਲਗਪਗ 40 ਕਿਲੋਮੀਟਰ ਪੱਛਮ ਵਿੱਚ ਸੀ। 16 ਫਰਵਰੀ ਨੂੰ, ਇਹ ਇਰਾਨੀ ਜਹਾਜ਼ ਵਿਸ਼ਾਖਾਪਟਨਮ ਦੀ ਬੰਦਰਗਾਹ ‘ਤੇ ਪਹੁੰਚਿਆ ਸੀ, ਜਿੱਥੇ 74 ਦੇਸ਼ਾਂ ਨੇ ਹਿੱਸਾ ਲਿਆ ਸੀ।
ਅਮਰੀਕੀ ਜਲ ਸੈਨਾ ਨੇ ‘ਮਿਲਨ’ ਅਭਿਆਸ ਵਿੱਚ ਆਪਣਾ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ USS Pinckney ਭੇਜਣਾ ਸੀ, ਪਰ 15 ਫਰਵਰੀ ਨੂੰ ਇਸ ਨੂੰ ਸਿੰਗਾਪੁਰ ਵੱਲ ਮੋੜ ਦਿੱਤਾ ਗਿਆ ਸੀ। ਅਮਰੀਕਾ ਨੇ ਇਸ ਅਭਿਆਸ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਉੱਥੇ ਰੂਸ ਅਤੇ ਇਰਾਨ ਦੇ ਜਹਾਜ਼ ਮੌਜੂਦ ਸਨ। ਇਹ ਅਭਿਆਸ 25 ਫਰਵਰੀ ਨੂੰ ਖਤਮ ਹੋਇਆ। ਤਿੰਨ ਦਿਨ ਬਾਅਦ, 28 ਫਰਵਰੀ ਨੂੰ, ਅਮਰੀਕਾ ਅਤੇ ਇਜ਼ਰਾਈਲ ਨੇ ‘ਅਪਰੇਸ਼ਨ ਐਪਿਕ ਫਿਊਰੀ’ ਸ਼ੁਰੂ ਕੀਤਾ।
IRIS Dena ਨੇ ਅੱਜ ਸਵੇਰੇ 5:08 ਵਜੇ ਬਚਾਅ ਕਾਲ ਜਾਰੀ ਕੀਤੀ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਵਿਜੀਥਾ ਹੇਰਾਥ ਨੇ ਸੰਸਦ ਨੂੰ ਦੱਸਿਆ ਕਿ ਦੋ ਜਲ ਸੈਨਾ ਜਹਾਜ਼ ਅਤੇ ਇੱਕ ਜਹਾਜ਼ ਤੈਨਾਤ ਕੀਤਾ ਗਿਆ ਸੀ। 30 ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਕੇ ਗਾਲੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਰਿਪੋਰਟ ਅਨੁਸਾਰ 101 ਮਲਾਹ ਲਾਪਤਾ ਹਨ ਅਤੇ 78 ਜ਼ਖਮੀ ਹਨ, ਜਦਕਿ ਦੂਜੀ ਰਿਪੋਰਟ ਵਿੱਚ 32 ਗੰਭੀਰ ਜ਼ਖਮੀਆਂ ਦੀ ਜਾਣਕਾਰੀ ਦਿੱਤੀ ਗਈ ਹੈ।






