ਰਾਸ਼ਟਰੀ ਸੁਤੰਤਰਤਾ ਪਾਰਟੀ (RSP) ਦੇ ਆਗੂ ਅਤੇ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ‘ਬਾਲੇਨ’ ਨੇ ਨੇਪਾਲ ਦੇ ਝਾਪਾ-5 ਹਲਕੇ ਵਿੱਚ ਚਾਰ ਵਾਰ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਲਗਪਗ 50,000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਚੋਣ ਕਮਿਸ਼ਨ ਨੇ ਇੱਥੇ ਇਸ ਦੀ ਜਾਣਕਾਰੀ ਦਿੱਤੀ।
ਰਾਸ਼ਟਰੀ ਸੁਤੰਤਰਤਾ ਪਾਰਟੀ (RSP) ਦੇ ਆਗੂ ਅਤੇ ਕਾਠਮੰਡੂ ਦੇ ਸਾਬਕਾ ਮੇਅਰ, ਜੋ ਕਿ ‘ਬਾਲੇਨ’ ਦੇ ਨਾਂ ਨਾਲ ਮਸ਼ਹੂਰ ਹਨ, ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਸ਼ਾਮ 6 ਵਜੇ ਤੱਕ, RSP ਨੇ ਐਲਾਨੇ ਗਏ 78 ਨਤੀਜਿਆਂ ਵਿੱਚੋਂ 62 ਸੀਟਾਂ ਜਿੱਤ ਲਈਆਂ ਸਨ ਅਤੇ 60 ਸੀਟਾਂ ‘ਤੇ ਅੱਗੇ ਚੱਲ ਰਹੀ ਸੀ।
ਚੋਣ ਕਮਿਸ਼ਨ (EC) ਅਨੁਸਾਰ, 35 ਸਾਲਾ ਬਾਲੇਨ ਨੇ 68,348 ਵੋਟਾਂ ਹਾਸਲ ਕੀਤੀਆਂ, ਜਦਕਿ 74 ਸਾਲਾ ਓਲੀ ਨੂੰ ਸਿਰਫ 18,734 ਵੋਟਾਂ ਮਿਲੀਆਂ। ਕਮਿਊਨਿਸਟ ਪਾਰਟੀ ਆਫ ਨੇਪਾਲ (CPN-UML) ਨੇ ਓਲੀ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕੀਤਾ ਸੀ।
ਨੇਪਾਲ ਵਿੱਚ ਪਿਛਲੇ ਸਾਲ ਹੋਏ ਹਿੰਸਕ ‘ਜਨਰੇਸ਼ਨ ਜ਼ੈੱਡ’ (Gen Z) ਪ੍ਰਦਰਸ਼ਨਾਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਆਮ ਚੋਣਾਂ ਹੋਈਆਂ ਸਨ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸਿਆਸਤ ਵਿੱਚ ਪੀੜ੍ਹੀ ਬਦਲਣ ਅਤੇ ਹਿਮਾਲੀਅਨ ਦੇਸ਼ ਵਿੱਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਮੰਗ ਕੀਤੀ ਗਈ ਸੀ।






