ਭਾਰਤੀ ਵਿਕਟਕੀਪਰ-ਬੱਲੇਬਾਜ਼ ਇਸ਼ਾਨ ਕਿਸ਼ਨ ਨੇ ICC ਪੁਰਸ਼ T20 ਵਿਸ਼ਵ ਕੱਪ 2026 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਇੱਕ ਭਾਵੁਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਾਈਨਲ ਤੋਂ ਸਿਰਫ਼ ਇੱਕ ਦਿਨ ਪਹਿਲਾਂ ਇੱਕ ਕਾਰ ਹਾਦਸੇ ਵਿੱਚ ਉਨ੍ਹਾਂ ਦੀ ਚਚੇਰੀ ਭੈਣ ਦੀ ਮੌਤ ਹੋ ਗਈ ਸੀ। ਕਿਸ਼ਨ ਨੇ ਇਹ ਇਤਿਹਾਸਕ ਜਿੱਤ ਆਪਣੀ ਭੈਣ ਨੂੰ ਸਮਰਪਿਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹਾਰਦਿਕ ਪਾਂਡਿਆ ਨੇ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਹੌਸਲਾ ਦਿੱਤਾ ਅਤੇ ਟੀਮ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਕਿਸ਼ਨ ਨੇ ਕਿਹਾ, “ਮੈਂ ਉਸ ਦੀ ਯਾਦ ਵਿੱਚ ਇਹ ਮੈਚ ਖੇਡਿਆ। ਮਹਿਲਾ ਦਿਵਸ ਵੀ ਸੀ, ਇਸ ਲਈ ਇਹ ਜਿੱਤ ਹੋਰ ਵੀ ਖਾਸ ਹੋ ਗਈ ਹੈ।”
ਇਸ ਟੂਰਨਾਮੈਂਟ ਵਿੱਚ ਇਸ਼ਾਨ ਕਿਸ਼ਨ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 9 ਮੈਚਾਂ ਵਿੱਚ 193.29 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 317 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਅਰਧ-ਸੈਂਕੜੇ ਸ਼ਾਮਲ ਸਨ। ਕਿਸ਼ਨ ਨੇ ਆਪਣੀ ਬਦਲੀ ਹੋਈ ਮਾਨਸਿਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਉਹ ਫਾਲਤੂ ਸੋਚਣ ਦੀ ਬਜਾਏ ਸਿਰਫ਼ ਆਪਣੇ ਕੰਮ ‘ਤੇ ਧਿਆਨ ਦਿੰਦੇ ਹਨ, ਜਿਵੇਂ ਵਿਰਾਟ ਕੋਹਲੀ ਕਰਦੇ ਹਨ। ਉਨ੍ਹਾਂ ਨੇ ਕਪਤਾਨ ਸੂਰਿਆਕੁਮਾਰ ਯਾਦਵ ਨਾਲ ਹੋਈ ਇੱਕ ਦਿਲਚਸਪ ਗੱਲਬਾਤ ਦਾ ਵੀ ਜ਼ਿਕਰ ਕੀਤਾ, ਜਿੱਥੇ ਸੂਰਿਆ ਨੇ ਉਨ੍ਹਾਂ ‘ਤੇ ਭਰੋਸਾ ਜਤਾਉਂਦਿਆਂ ਵਿਸ਼ਵ ਕੱਪ ਜਿਤਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ।






