ਹੁਸ਼ਿਆਰਪੁਰ ਦੇ ਨੈਸ਼ਨਲ ਹਾਈਵੇਅ-44 (NH-44) ’ਤੇ ਇੱਕ ਤੇਲ ਟੈਂਕਰ ਦੀ ਟੱਕਰ ਕਾਰਨ ਦੋ ਲੜਕੀਆਂ ਦੀ ਜਾਨ ਚਲੀ ਗਈ। ਇਹ ਔਰਤਾਂ ਮੁਕੇਰੀਆਂ ਦੀਆਂ ਰਹਿਣ ਵਾਲੀਆਂ ਸਨ ਅਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ। ਮ੍ਰਿਤਕਾਂ ਦੀ ਪਛਾਣ ਆਂਚਲ (21) ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18) ਪੁੱਤਰੀ ਵਿਜੈ ਕੁਮਾਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਆਪਣੇ ਸਕੂਟਰ ’ਤੇ ਸਵਾਰ ਸਨ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਇੱਕ ਪੈਟਰੋਲ ਪੰਪ ਤੋਂ ਤੇਲ ਪੁਆਇਆ ਸੀ। ਜਿਵੇਂ ਹੀ ਉਹ ਤੇਲ ਪੁਆ ਕੇ ਸਰਵਿਸ ਰੋਡ (Service Road) ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਤੁਰੰਤ ਬਾਅਦ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਤੇਲ ਟੈਂਕਰ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਆਹ ਦੀਆਂ ਖੁਸ਼ੀਆਂ ਵਾਲੇ ਘਰ ਵਿੱਚ ਇਸ ਹਾਦਸੇ ਤੋਂ ਬਾਅਦ ਮਾਤਮ ਛਾ ਗਿਆ ਹੈ।






