ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਪੀਟਰ ਐਲਬਰਸ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇੰਡੀਗੋ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀਆਂ ਉਡਾਣਾਂ ਅਤੇ ਸੰਚਾਲਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਇਹ ਫੈਸਲਾ ਅਹਿਮ ਮੰਨਿਆ ਜਾ ਰਿਹਾ ਹੈ।
ਕੰਪਨੀ ਨੇ ਦੱਸਿਆ ਕਿ ਜਦੋਂ ਤੱਕ ਨਵੇਂ ਸੀ.ਈ.ਓ. ਦੀ ਨਿਯੁਕਤੀ ਨਹੀਂ ਹੋ ਜਾਂਦੀ, ਉਦੋਂ ਤੱਕ ਏਅਰਲਾਈਨ ਦੇ ਮੈਨੇਜਿੰਗ ਡਾਇਰੈਕਟਰ (MD) ਰਾਹੁਲ ਭਾਟੀਆ ਇੰਡੀਗੋ ਦੇ ਪ੍ਰਬੰਧਕੀ ਕੰਮਕਾਜ ਦੀ ਦੇਖਭਾਲ ਕਰਨਗੇ। ਇੰਟਰਗਲੋਬ ਐਵੀਏਸ਼ਨ ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਨੇ ਕਿਹਾ ਕਿ ਰਾਹੁਲ ਭਾਟੀਆ ਕੰਪਨੀ ਦੇ ਪ੍ਰਬੰਧਨ ਵਿੱਚ ਵਾਪਸੀ ਕਰ ਰਹੇ ਹਨ ਤਾਂ ਕਿ ਏਅਰਲਾਈਨ ਦੇ ਕੰਮ ਕਰਨ ਦੇ ਸੱਭਿਆਚਾਰ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।
ਏਅਰਲਾਈਨ ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਮਕਸਦ ਕੰਪਨੀ ਦੇ ਸੰਚਾਲਨ ਵਿੱਚ ਸੁਧਾਰ ਲਿਆਉਣਾ ਅਤੇ ਗਾਹਕਾਂ ਨੂੰ ਬਿਹਤਰ, ਭਰੋਸੇਮੰਦ ਅਤੇ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇੰਟਰਗਲੋਬ ਐਵੀਏਸ਼ਨ ਹੀ ‘ਇੰਡੀਗੋ’ ਬ੍ਰਾਂਡ ਦੇ ਨਾਮ ਹੇਠ ਹਵਾਈ ਸੇਵਾਵਾਂ ਚਲਾਉਂਦੀ ਹੈ ਅਤੇ ਹੁਣ ਉਹ ਆਪਣੀਆਂ ਸੇਵਾਵਾਂ ਵਿੱਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਵੱਲ ਧਿਆਨ ਦੇਵੇਗੀ।






