NCERT Apology: ਰਾਸ਼ਟਰੀ ਵਿਦਿਅਕ ਖੋਜ ਅਤੇ ਸਿਖਲਾਈ ਕੌਂਸਲ (NCERT) ਨੇ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ ਪੁਸਤਕ ‘ਐਕਸਪਲੋਰਿੰਗ ਸੁਸਾਇਟੀ: ਇੰਡੀਆ ਐਂਡ ਬਿਓਂਡ’ (ਭਾਗ-2) ਵਿੱਚ ਨਿਆਂਪਾਲਿਕਾ ਦੇ ਅਕਸ ਨੂੰ ਕਥਿਤ ਤੌਰ ’ਤੇ ਢਾਹ ਲਾਉਣ ਵਾਲੀ ਸਮੱਗਰੀ ਲਈ ‘ਬਿਨਾਂ ਸ਼ਰਤ’ ਮੁਆਫ਼ੀ ਮੰਗ ਲਈ ਹੈ। ਸੁਪਰੀਮ ਕੋਰਟ ਵੱਲੋਂ ਦਿਖਾਈ ਗਈ ਸਖ਼ਤੀ ਤੋਂ ਬਾਅਦ ਕੌਂਸਲ ਨੇ ਨਾ ਸਿਰਫ਼ ਵਿਵਾਦਿਤ ਅਧਿਆਏ, ਸਗੋਂ ਪੂਰੀ ਕਿਤਾਬ ਨੂੰ ਹੀ ਬਾਜ਼ਾਰ ਅਤੇ ਡਿਜੀਟਲ ਪਲੇਟਫਾਰਮਾਂ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਵਿਵਾਦ ਦੀ ਜੜ੍ਹ ਅਤੇ ਅਦਾਲਤੀ ਹੁਕਮ ਕਿਤਾਬ ਦੇ ਚੌਥੇ ਅਧਿਆਏ ‘ਸਮਾਜ ਵਿੱਚ ਨਿਆਂਪਾਲਿਕਾ ਦੀ ਭੂਮਿਕਾ’ ਵਿੱਚ ‘ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ’ ਨਾਮ ਦਾ ਇੱਕ ਉਪ-ਅਧਿਆਏ ਸ਼ਾਮਲ ਕੀਤਾ ਗਿਆ ਸੀ। ਇਸ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਸ ਨੂੰ ਅਦਾਲਤਾਂ ਦੇ ਅਕਸ ਨੂੰ ਖ਼ਰਾਬ ਕਰਨ ਵਾਲਾ ਦੱਸਿਆ ਗਿਆ। ਸੁਪਰੀਮ ਕੋਰਟ ਨੇ 26 ਫਰਵਰੀ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਅਤੇ ਪ੍ਰਸਾਰ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਅਦਾਲਤ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਸ ਸਮੱਗਰੀ ਨੂੰ ਕਿਸੇ ਵੀ ਹੋਰ ਮਾਧਿਅਮ ਰਾਹੀਂ ਫੈਲਾਇਆ ਗਿਆ, ਤਾਂ ਇਸ ਨੂੰ ਅਦਾਲਤ ਦੀ ਮਾਣਹਾਨੀ ਮੰਨਿਆ ਜਾਵੇਗਾ। ੰੰ
NCERT ਨੇ ਇੱਕ ਮੀਡੀਆ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਵੀ ਇਹ ਕਿਤਾਬ ਉਪਲਬਧ ਹੈ, ਉਹ ਸਵੈ-ਇੱਛਾ ਨਾਲ ਇਸ ਨੂੰ ਕੌਂਸਲ ਦੇ ਪ੍ਰਕਾਸ਼ਨ ਵਿਭਾਗ ਨੂੰ ਵਾਪਸ ਕਰ ਦੇਣ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਵੀ ਸਬੰਧਿਤ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੂਜੇ ਪਾਸੇ, ਸੁਪਰੀਮ ਕੋਰਟ ਨੇ ਉਨ੍ਹਾਂ ਮਾਹਿਰਾਂ ਅਤੇ ਕਮੇਟੀ ਮੈਂਬਰਾਂ ਦੀ ਸੂਚੀ ਵੀ ਤਲਬ ਕੀਤੀ ਹੈ ਜਿਨ੍ਹਾਂ ਨੇ ਇਸ ਵਿਵਾਦਿਤ ਅਧਿਆਇ ਨੂੰ ਹਰੀ ਝੰਡੀ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਦੀ ਯੋਗਤਾ ਅਤੇ ਚੋਣ ਪ੍ਰਕਿਰਿਆ ਦਾ ਪੂਰਾ ਰਿਕਾਰਡ ਮੰਗਿਆ ਹੈ।






