ਅਮਰੀਕਾ-ਇਜ਼ਰਾਈਲ ਨਾਲ ਇਰਾਨ ਦੇ ਟਕਰਾਅ ਕਰ ਕੇ ਪੱਛਮੀ ਏਸ਼ੀਆ ’ਚ ਬਣੇ ਸੰਕਟ ਕਾਰਨ ਦਰਾਮਦ ’ਚ ਆਏ ਅੜਿੱਕਿਆਂ ਦਰਮਿਆਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ’ਤੇ ਕੱਢੀ ਜਾ ਰਹੀ ਕੁਦਰਤੀ ਗੈਸ ਦੀ ਸਪਲਾਈ ਹੁਣ ਐੱਲ ਪੀ ਜੀ ਉਤਪਾਦਨ ਵਾਲੀਆਂ ਇਕਾਈਆਂ ਨੂੰ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ। ਹੁਣ ਤੱਕ ਸੀ ਐੱਨ ਜੀ (ਕੰਪਰੈਸਡ ਕੁਦਰਤੀ ਗੈਸ) ਅਤੇ ਪਾਈਪ ਲਾਈਨ ਵਾਲੀ ਕੁਕਿੰਗ ਗੈਸ ਦੋ ਤਰਜੀਹੀ ਖੇਤਰ ਸਨ ਜਿਨ੍ਹਾਂ ਨੂੰ ਦੇਸ਼ ਵਿਚ ਪੈਦਾ ਹੋ ਰਹੀ ਕੁਦਰਤੀ ਗੈਸ ਸਪਲਾਈ ਕੀਤੀ ਜਾ ਰਹੀ ਸੀ।
ਲੰਘੀ ਦੇਰ ਰਾਤ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਐੱਲ ਪੀ ਜੀ ਨੂੰ ਵੀ ਕੁਦਰਤੀ ਗੈਸ ਪ੍ਰਾਪਤ ਕਰਨ ਵਾਲੇ ਤਰਜੀਹੀ ਖੇਤਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਸੋਧੀ ਹੋਈ ਵੰਡ ਤਹਿਤ ਹੋਰ ਖੇਤਰਾਂ ਨੂੰ ਕੁਦਰਤੀ ਗੈਸ ਸਪਲਾਈ ਕਰਨ ਤੋਂ ਪਹਿਲਾਂ ਐੱਲ ਪੀ ਜੀ, ਸੀ ਐੱਨ ਜੀ ਅਤੇ ‘ਪਾਈਪਡ’ ਗੈਸ ਨਿਰਮਾਤਾਵਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਨ੍ਹਾਂ ਨੂੰ ਪਿਛਲੇ ਛੇ ਮਹੀਨਿਆਂ ਦੀ ਔਸਤ ਗੈਸ ਖ਼ਪਤ ਦਾ 100 ਫ਼ੀਸਦ ਕੋਟਾ ਸਪਲਾਈ ਕੀਤਾ ਜਾਵੇਗਾ।
ਪੱਛਮੀ ਏਸ਼ੀਆ ’ਚ ਬਣੇ ਊਰਜਾ ਸੰਕਟ ਦਾ ਪਰਛਾਵਾਂ ਭਾਰਤ ਦੇ ਰੈਸਟੋਰੈਂਟ ਸੈਕਟਰ ਉਤੇ ਵੀ ਪੈ ਰਿਹਾ ਹੈ। ਪਕਵਾਨਾਂ ਦੀ ਸੂਚੀ ਤੰਗ ਹੋ ਰਹੀ ਹੈ, ਚੁੱਲ੍ਹੇ ਠੰਢੇ ਪਏ ਹਨ ਤੇ ਬਾਹਰ ਬੈਠ ਕੇ ਖਾਣ ਦਾ ਬਦਲ ਮੁਸ਼ਕਲ ਹੋ ਰਿਹਾ ਹੈ। ਇਸ ਸਭ ਦਾ ਕਾਰਨ ਐਲ ਪੀ ਜੀ ਦੀ ਕਿੱਲਤ ਹੈ। ਸਰਕਾਰ ਨੇ ਵੱਧ ਤੋਂ ਵੱਧ ਤਰਜੀਹ ਘਰਾਂ ਦੀ ਗੈਸ ਸਪਲਾਈ ਨੂੰ ਦਿੱਤੀ ਹੈ, ਜਿਸ ਕਾਰਨ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਸਪਲਾਈ ਦੀ ਘਾਟ ਪੈਦਾ ਹੋ ਗਈ ਹੈ, ਜਿਹੜੇ ਪ੍ਰਮੁੱਖ ਤੌਰ ’ਤੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਵਰਤਦੇ ਹਨ। ਇਸ ਖੇਤਰ ਨਾਲ ਜੁ5ੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਰਸੋਈਆਂ ਬੰਦ ਹੋਣ ਕਾਰਨ ਨੌਕਰੀਆਂ ਖੁੱਸ ਸਕਦੀਆਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਜੋ ਬਾਹਰ ਖਾਣਾ ਖਾਂਦੇ ਹਨ, ਆਪਣੇ ਅਗਲੇ ਖਾਣੇ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਵਿਚ ਹਨ। ਜ਼ਿਆਦਾਤਰ ਅਜਿਹੀਆਂ ਥਾਵਾਂ ਅਗਲੇ ਕੁਝ ਦਿਨਾਂ ਵਿਚ ਬੰਦ ਹੋ ਸਕਦੀਆਂ ਹਨ। ਅਜਿਹੇ ਵਿਚ ਘੱਟ ਗੈਸ ਨਾਲ ਪੱਕਣ ਵਾਲੇ ਖਾਣੇ ਪਰੋਸੇ ਜਾ ਰਹੇ ਹਨ, ਜਾਂ ਅਜਿਹੇ ਖਾਣਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਹੜੇ ਇਲੈਕਟ੍ਰਿਕ ਉਪਕਰਨਾਂ ’ਤੇ ਪੱਕ ਸਕਦੇ ਹਨ। ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਤੋਂ ਰੈਸਟੋਰੈਂਟਾਂ ਵੱਲੋਂ ਅਜਿਹਾ ਬਦਲ ਚੁਣਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।






