ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਜਲਦੀ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਸੈਕਟਰੀ ਬਣਨਗੇ। 36 ਸਾਲਾ ਹੇਅਰ ਇਸ ਅਹੁਦੇ ਲਈ ਨਾਮਜ਼ਦਗੀ ਭਰਨ ਵਾਲੇ ਇਕਲੌਤੇ ਉਮੀਦਵਾਰ ਸਨ ਕਿਉਂਕਿ ਬੀਤੇ ਕੱਲ੍ਹ ਨਾਮਜ਼ਦਗੀ ਦੀ ਮਿਆਦ ਖਤਮ ਹੋਣ ਤੱਕ ਕਿਸੇ ਹੋਰ ਨੇ ਫਾਰਮ ਨਹੀਂ ਭਰਿਆ। ਉਨ੍ਹਾਂ ਦੇ ਨਾਮ ਦੀ ਪੇਸ਼ਕਸ਼ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਸੀ ਅਤੇ ਇਸ ਸਬੰਧੀ ਰਸਮੀ ਐਲਾਨ 21 ਮਾਰਚ ਨੂੰ ਕੀਤਾ ਜਾਵੇਗਾ। ਇਹ ਅਹੁਦਾ ਪਿਛਲੇ ਸਾਲ 25 ਜੁਲਾਈ 2025 ਨੂੰ ਉਸ ਸਮੇਂ ਖਾਲੀ ਹੋਇਆ ਸੀ ਜਦੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੀਆਂ ਹੋਰ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ।
ਮੀਤ ਹੇਅਰ ਦੇ ਸੈਕਟਰੀ ਵਜੋਂ ਚਾਰਜ ਸੰਭਾਲਣ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰੇ ਮੁੱਖ ਅਹੁਦਿਆਂ ਉੱਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਹੋ ਜਾਵੇਗਾ। ਮੌਜੂਦਾ ਪ੍ਰਧਾਨ ਅਮਰਜੀਤ ਸਿੰਘ ਪਹਿਲਾਂ ਪਾਰਟੀ ਦੇ ਪੰਜਾਬ ਯੂਨਿਟ ਦੇ ਸਕੱਤਰ ਅਤੇ ਬੁਲਾਰੇ ਰਹਿ ਚੁੱਕੇ ਹਨ। ਇਸੇ ਤਰ੍ਹਾਂ ਸੰਸਥਾ ਦੇ ਮੀਤ ਪ੍ਰਧਾਨ ਦੀਪਕ ਬਾਲੀ ‘ਆਪ’ ਦੇ ਸੂਬਾ ਜਨਰਲ ਸਕੱਤਰ ਹਨ। ਜੁਆਇੰਟ ਸੈਕਟਰੀ ਸਿਧਾਂਤ ਸ਼ਰਮਾ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੇ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਖ਼ਜ਼ਾਨਚੀ ਸੁਨੀਲ ਗੁਪਤਾ ਸੂਬਾ ਯੋਜਨਾ ਬੋਰਡ ਪੰਜਾਬ ਦੇ ਡਿਪਟੀ ਚੇਅਰਮੈਨ ਹਨ। ਮੀਤ ਹੇਅਰ ਕੋਲ ਖੇਡ ਪ੍ਰਸ਼ਾਸਨ ਦਾ ਪੁਰਾਣਾ ਤਜਰਬਾ ਵੀ ਹੈ ਕਿਉਂਕਿ ਉਹ ਸੂਬਾ ਸਰਕਾਰ ਵਿੱਚ ਖੇਡ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਹਨ।






