ਸਾਬਕਾ ਫੌਜੀ ਅਧਿਕਾਰੀਆਂ ਅਤੇ ਨੌਕਰਸ਼ਾਹਾਂ ਨੇ ਰਾਹੁਲ ਗਾਂਧੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ ਦੇ ਵਿਹਾਰ ਲਈ ਮੁਆਫੀ ਦੀ ਮੰਗ ਕੀਤੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਡੀਜੀਪੀ ਐਸ.ਪੀ. ਵੈਦ ਦੀ ਅਗਵਾਈ ਵਿੱਚ ਲਿਖੀ ਗਈ ਇਸ ਚਿੱਠੀ ਵਿੱਚ 12 ਮਾਰਚ ਨੂੰ ਲੋਕ ਸਭਾ ਵਿੱਚ ਹੋਈਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕੀਤੀ ਗਈ ਹੈ।
ਹਸਤਾਖਰ ਕਰਨ ਵਾਲਿਆਂ ਨੇ ਕਿਹਾ ਕਿ ਸਪੀਕਰ ਦੀਆਂ ਸਪੱਸ਼ਟ ਹਦਾਇਤਾਂ ਦੇ ਬਾਵਜੂਦ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਨੇ ਸੰਸਦ ਦੇ ਅੰਦਰ ਪ੍ਰਦਰਸ਼ਨ ਕੀਤਾ, ਜੋ ਕਿ ਸੰਸਦੀ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਇਤਰਾਜ਼ ਜਤਾਇਆ ਕਿ ਰਾਹੁਲ ਗਾਂਧੀ ਅਤੇ ਹੋਰ ਸੰਸਦ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ‘ਤੇ ਬੈਠ ਕੇ ਚਾਹ ਅਤੇ ਬਿਸਕੁਟ ਖਾਂਦੇ ਦੇਖੇ ਗਏ, ਜਿਸ ਨੂੰ ਉਨ੍ਹਾਂ ਨੇ ‘ਸਿਆਸੀ ਤਮਾਸ਼ਾ’ ਅਤੇ ਦੇਸ਼ ਦੀ ਸਰਵਉੱਚ ਸੰਸਥਾ ਦਾ ਅਪਮਾਨ ਦੱਸਿਆ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਵਿਹਾਰ ਹੰਕਾਰ ਅਤੇ ਹੱਕਦਾਰੀ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਇਸ ਨਾਲ ਭਾਰਤੀ ਲੋਕਤੰਤਰ ਦੇ ਅਕਸ ਨੂੰ ਨੁਕਸਾਨ ਪਹੁੰਚਦਾ ਹੈ। ਇਸ ਚਿੱਠੀ ‘ਤੇ ਸਾਬਕਾ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਸਾਬਕਾ ਐਨ.ਆਈ.ਏ. ਡਾਇਰੈਕਟਰ ਵਾਈ.ਐਸ. ਮੋਦੀ ਅਤੇ ਕਈ ਸਾਬਕਾ ਰਾਜਦੂਤਾਂ ਸਮੇਤ ਕੁੱਲ 204 ਸ਼ਖਸੀਅਤਾਂ ਨੇ ਦਸਤਖਤ ਕੀਤੇ ਹਨ ਅਤੇ ਰਾਹੁਲ ਗਾਂਧੀ ਨੂੰ ਇਸ ਵਿਹਾਰ ਲਈ ਦੇਸ਼ ਤੋਂ ਮੁਆਫੀ ਮੰਗਣ ਅਤੇ ਆਤਮ-ਚਿੰਤਨ ਕਰਨ ਲਈ ਕਿਹਾ ਹੈ।






