Chandigarh Firing: ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੈਕਟਰ 9 ਵਿੱਚ ਅੱਖਾਂ ਦੇ ਇੱਕ ਹਸਪਤਾਲ ਨੇੜੇ ਬੁੱਧਵਾਰ ਨੂੰ ਦਿਨ-ਦਿਹਾੜੇ ਹੋਏ ਭਿਆਨਕ ਹਮਲੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਮੁੱਲਾਂਪੁਰ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਦੀ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ।
ਘਟਨਾ ਦੀ ਸਾਹਮਣੇ ਆਈ ਸੀਸੀਟੀਵੀ (CCTV) ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੀੜਤ ਆਪਣੀ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਹੋ ਕੇ ਆਉਂਦਾ ਹੈ, ਜਿਸ ਦੌਰਾਨ ਲਾਲ ਰੰਗ ਦੀ ਟੀ-ਸ਼ਰਟ ਅਤੇ ਹੈਲਮੈਟ ਪਾਏ ਇੱਕ ਵਿਅਕਤੀ ਨੇ ਅਚਾਨਕ ਕਾਰ ਸਵਾਰ ’ਤੇ ਹਮਲਾ ਕਰ ਦਿੱਤਾ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਲਗਪਗ ਸੱਤ ਰਾਊਂਡ ਫਾਇਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਅਤੇ ਫੋਰੈਂਸਿਕ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਮਾਹਿਰਾਂ ਵੱਲੋਂ ਮੌਕੇ ਤੋਂ ਅਹਿਮ ਸਬੂਤ ਜੁਟਾਏ ਗਏ ਹਨ ਅਤੇ ਹਮਲਾਵਰਾਂ ਦੀ ਪਛਾਣ ਲਈ ਨੇੜਲੀਆਂ ਇਮਾਰਤਾਂ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਹਾਲਾਂਕਿ ਕਤਲ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਪੁਲੀਸ ਵੱਲੋਂ ਇਸ ਨੂੰ ਨਿੱਜੀ ਜਾਂ ਕਾਰੋਬਾਰੀ ਰੰਜਿਸ਼ ਦਾ ਮਾਮਲਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲੀਸ ਵੱਲੋਂ ਵੱਖ-ਵੱਖ ਪਹਿਲੂਆਂ ‘ਤੇ ਕਾਰਵਾਈ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।






