ਦਿੱਲੀ ਦੇ ਪਾਲਮ ਇਲਾਕੇ ਵਿੱਚ ਬੁੱਧਵਾਰ ਤੜਕੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ 7 ਵਜੇ ਰਾਮ ਚੌਕ ਮਾਰਕੀਟ ਦੀ ਇੱਕ ਇਮਾਰਤ ਵਿੱਚ ਵਾਪਰਿਆ, ਜਦੋਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ।
ਇਸ ਇਮਾਰਤ ਦੀ ਬੇਸਮੈਂਟ, ਗਰਾਊਂਡ ਅਤੇ ਪਹਿਲੀ ਮੰਜ਼ਿਲ ‘ਤੇ ਕੱਪੜਿਆਂ ਅਤੇ ਕਾਸਮੈਟਿਕਸ ਦਾ ਸ਼ੋਅਰੂਮ ਸੀ, ਜਦਕਿ ਉੱਪਰਲੀਆਂ ਦੋ ਮੰਜ਼ਿਲਾਂ ‘ਤੇ ਮਾਲਕ ਦਾ ਪਰਿਵਾਰ ਰਹਿੰਦਾ ਸੀ। ਮ੍ਰਿਤਕਾਂ ਦੀ ਪਛਾਣ ਪ੍ਰਵੇਸ਼ (33), ਕਮਲ (39), ਆਸ਼ੂ (35), ਲਾਡੋ (70), ਹਿਮਾਂਸ਼ੀ (22), ਦੀਪਿਕਾ (28) ਅਤੇ ਤਿੰਨ ਨਾਬਾਲਗ ਲੜਕੀਆਂ (ਉਮਰ 15, 6 ਅਤੇ 3 ਸਾਲ) ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਅਨਿਲ (32), ਸਚਿਨ (29) ਅਤੇ ਇੱਕ ਦੋ ਸਾਲ ਦੀ ਬੱਚੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲੀਸ ਅਨੁਸਾਰ, ਇਹ ਇਮਾਰਤ ਮਾਰਕੀਟ ਪ੍ਰਧਾਨ ਰਾਜੇਂਦਰ ਕਸ਼ਯਪ ਦੀ ਹੈ। ਸੂਚਨਾ ਮਿਲਦੇ ਹੀ ਪਾਲਮ ਪਿੰਡ ਦੇ ਐੱਸ.ਐੱਚ.ਓ (SHO) ਅਤੇ ਸਥਾਨਕ ਸਟਾਫ ਨੇ ਮੌਕੇ ‘ਤੇ ਪਹੁੰਚ ਕੇ ਦਿੱਲੀ ਫਾਇਰ ਸਰਵਿਸ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਲਗਪਗ 20 ਫਾਇਰ ਟੈਂਡਰਾਂ, 11 ਐਂਬੂਲੈਂਸਾਂ, BSES, ਏਅਰ ਫੋਰਸ ਪੁਲੀਸ ਅਤੇ NDRF ਦੀਆਂ ਟੀਮਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।






