ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੋਈ ਵੀ ਸਮਾਜ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਔਰਤਾਂ ਆਪਣੇ ਪਰਿਵਾਰ ਅਤੇ ਸਮਾਜ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ’ਚ ਯੋਗਦਾਨ ਨਹੀਂ ਪਾਉਂਦੀਆਂ।
ਮੁੱਖ ਮੰਤਰੀ ਅੱਜ ਮੁਹਾਲੀ ਦੇ ਵਿਕਾਸ ਭਵਨ ਵਿੱਚ ਪੰਚਾਇਤ ਵਿਭਾਗ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਵੱਲੋਂ ਸੂਬੇ ਦੀਆਂ 100 ਉੱਦਮੀ ਔਰਤਾਂ ਦਾ ਸਨਮਾਨ ਕਰਨ ਲਈ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਨ੍ਹਾਂ ਔਰਤਾਂ ਨੂੰ ਸਨਮਾਨ ਵਜੋਂ 25-25 ਹਜ਼ਾਰ ਰੁਪਏ ਭੇਟ ਕੀਤੇ ਗਏ ਹਨ ਜੋ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਮੁਹੱਈਆ ਕਰਵਾਏ।
ਮੁੱਖ ਮੰਤਰੀ ਨੇ ਕਿਹਾ ਕਿ ਨੀਲੇ-ਪੀਲੇ ਕਾਰਡਾਂ ਨਾਲ ਗਰੀਬੀ ਨਹੀਂ ਚੁੱਕੀ ਜਾਣੀ, ਸਗੋਂ ਔਰਤਾਂ ਨੂੰ ਹੁਨਰਮੰਦ ਬਣਾ ਕੇ ਪਰਿਵਾਰਾਂ ਦੀ ਗਰੀਬੀ ਦੂਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ‘ਮਾਵਾਂ-ਧੀਆਂ ਆਸ਼ੀਰਵਾਦ ਯੋਜਨਾ’ ਤੇ ‘ਮੇਰੀ ਰਸੋਈ ਯੋਜਨਾ’ ਤਹਿਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਔਰਤਾਂ ਨੂੰ ਆਤਮ-ਨਿਰਭਰ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਖ਼ੀ ਸ਼ਕਤੀ ਮੇਲਿਆਂ ਰਾਹੀਂ ਔਰਤਾਂ ਵੱਲੋਂ ਤਿਆਰ ਸਾਮਾਨ ਦੀ ਵਿਕਰੀ ਲਈ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਔਰਤਾਂ ਨੂੰ ਆਪਣੀਆਂ ਵਸਤਾਂ ਲਈ ਬਾਜ਼ਾਰ ਮੁਹੱਈਆ ਕਰਵਾਉਣ ਵਾਸਤੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਸਖ਼ੀ ਸ਼ਕਤੀ ਮੇਲੇ ਕਰਵਾਏ ਜਾ ਰਹੇ ਹਨ ਤੇ ਹੁਣ ਤੱਕ 19 ਜ਼ਿਲ੍ਹਿਆਂ ਵਿੱਚ ਅਜਿਹੇ ਮੇਲੇ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਸਵੈ-ਸਹਾਇਤਾ ਗਰੁੱਪਾਂ ਨੂੰ ਮੁਫ਼ਤ ਸਟਾਲਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਗਰੁੱਪਾਂ ਦੇ ਸਾਮਾਨ ਨੂੰ ਵੇਚਣ ਲਈ ਰਾਜ ਵਿੱਚ ਪਹਿਲਾਂ ਤਿੰਨ ਆਊਟਲੈੱਟ ਖੋਲ੍ਹੇ ਗਏ ਹਨ ਅਤੇ ਅਗਲੇ ਦੋ ਮਹੀਨਿਆਂ ਵਿੱਚ ਸਾਰੇ 23 ਜ਼ਿਲ੍ਹਿਆਂ ਵਿੱਚ ਅਜਿਹੇ ਆਊਟਲੈੱਟ ਖੋਲ੍ਹੇ ਜਾਣਗੇ। ਸਮਾਗਮ ਨੂੰ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੀਤ ਬਾਲਾਜੀ ਜੋਸ਼ੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕਾ ਅਮਨਦੀਪ ਕੌਰ ਅਰੋੜਾ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪ੍ਰਸਾਸ਼ਨਿਕ ਅਧਿਕਾਰੀ ਹਾਜ਼ਰ ਸਨ।
‘ਆਧਾਰ ਕਾਰਡ ਦੇ ਫਿੰਗਰ ਪ੍ਰਿੰਟਾਂ ਲਈ ਨਵਾਂ ਰਾਹ ਲੱਭੇਗੀ ਸਰਕਾਰ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਖਾਤਿਆਂ ਲਈ ਆਰੰਭੀ ਜਾਣ ਵਾਲੀ ਰਜਿਸਟ੍ਰੇਸ਼ਨ ਵਿੱਚ ਲੱਗਣ ਵਾਲੇ ਆਧਾਰ ਕਾਰਡਾਂ ਦੇ ਫਿੰਗਰ ਪ੍ਰਿੰਟ ਮੇਲ ਨਾ ਹੋਣ ਦਾ ਸਰਕਾਰ ਨਵਾਂ ਰਾਹ ਲੱਭੇਗੀ। ਉਨ੍ਹਾਂ ਕਿਹਾ ਕਿ ਮਾਨਸਾ ਤੋਂ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ ਕਿ ਬੈਂਕ ਖਾਤਿਆਂ ਨਾਲ ਜੋੜਨ ਲਈ ਆਧਾਰ ਕਾਰਡ ਦੇ ਫਿੰਗਰ ਪ੍ਰਿੰਟ ਮੇਲ ਨਹੀਂ ਖਾ ਰਹੇ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਬੈਂਕਾਂ ਦੇ ਮੈਨੇਜਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਆਧਾਰ ਕਾਰਡ ਦੀ ਥਾਂ ਸ਼ਨਾਖ਼ਤੀ ਦਸਤਾਵੇਜ਼ ਵਜੋਂ ਵੋਟਰ ਕਾਰਡ ਹਾਸਲ ਕਰਨ ਦੀ ਹਦਾਇਤ ਦੇਵੇਗੀ।






