ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਕੋਈ ਵੀ ਮਦਦ ਨਹੀਂ ਦੇ ਰਹੀ ਜਿਸ ਤੋਂ ਬਾਅਦ ਕਿਸਾਨ ਨਿਰਾਸ਼ਾ ਵਿੱਚ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 22 ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਰਕਾਰੀ ਐਲਾਨਾਂ ਤੋਂ ਬਾਅਦ ਵੀ ਦਾਲਾਂ ਦੀ ਖਰੀਦ ਨਾ ਹੋਈ ਅਤੇ ਪਿਛਲੇ ਸਾਲ ਭਿਆਨਕ ਹੜ੍ਹਾਂ ਦੌਰਾਨ ਹੋਏ ਭਾਰੀ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਉਨ੍ਹਾਂ ਅੱਜ ਮਾਨਸਾ ਵਿਖੇ ਪ੍ਰੇਮ ਅਰੋੜਾ ਦੀ ਅਗਵਾਈ ਹੇਠ ਹੋਈ ਪੰਜਾਬ ਬਚਾਓ ਰੈਲੀ ਦੌਰਾਨ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਦੋ ਭਰਾਵਾਂ ਜਸਵਿੰਦਰ ਅਤੇ ਜਸਕਰਨ ਵੱਲੋਂ ਕਰਜ਼ੇ ਹੇਠ ਦੱਬੇ ਹੋਣ ਤੋਂ ਬਾਅਦ ਰੇਲ ਗੱਡੀ ਮੂਹਰੇ ਦਿੱਤੀ ਜਾਨ ਭਗਵੰਤ ਮਾਨ ਸਰਕਾਰ ਤੋਂ ਜਵਾਬ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਮੂਹਿਕ ਖੁਦਕੁਸ਼ੀਆਂ ਵਾਲਾ ਸੂਬਾ ਬਣਨ ਲੱਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵਾਅਦਾ ਕਰਨ ਦੇ ਬਾਵਜੂਦ ਨਾ ਲੋਕਾਂ ਦੀ ਮੂੰਗੀ ਖਰੀਦੀ, ਨਾ ਮੱਕੀ ਅਤੇ ਨਾ ਹੀ ਆਲੂਆਂ ਸਮੇਤ ਸਬਜ਼ੀਆਂ ਨੂੰ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ 4 ਲੱਖ ਏਕੜ ਫ਼ਸਲ ਦੇ ਮੁਆਵਜ਼ਾ ਦਾ ਕੋਈ ਪੈਸਾ ਸਰਕਾਰ ਨੇ ਨਹੀਂ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਇਸ਼ਤਿਹਾਰਬਾਜ਼ੀ ’ਤੇ 4,400 ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਵਿੱਚ ਪਹਿਲੇ ਸਥਾਨ ’ਤੇ ਹੈ।
ਸੁਖਬੀਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਸਰਕਾਰ ਮਾਨਸਾ ਖੇਤਰ ਵਿੱਚ ਇੱਕ ਵਿਸ਼ਵ ਹੁਨਰ ਸਿਖਲਾਈ ਯੂਨੀਵਰਸਿਟੀ ਸਥਾਪਤ ਕਰੇਗੀ। ਯੂਨੀਵਰਸਿਟੀ ਵਿੱਚ ਸਾਲਾਨਾ ਇੱਕ ਲੱਖ ਵਿਦਿਆਰਥੀਆਂ ਦਾ ਦਾਖਲਾ ਹੋਵੇਗਾ ਅਤੇ ਇਸ ਨਾਲ ਨੌਜਵਾਨ ਰੁਜ਼ਗਾਰ ਯੋਗ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਨੂੰ ਸਰਵੋਤਮ ਸਿੰਚਾਈ ਸੇਵਾਵਾਂ ਪ੍ਰਦਾਨ ਕਰਨ ਲਈ ਮਾਨਸਾ ਹਲਕੇ ਵਿੱਚ ਭੂਮੀਗਤ ਪਾਈਪਾਂ ਲਗਾਈਆਂ ਜਾਣਗੀਆਂ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਮਾਨਸਾ ਦੇ ਵਿਕਾਸ ’ਤੇ 650 ਕਰੋੜ ਰੁਪਏ ਖਰਚ ਕੀਤੇ ਸਨ, ਜਿਸ ਵਿੱਚ ਸ਼ਹਿਰ ਵਿੱਚ ਸੀਵਰੇਜ ਸਹੂਲਤਾਂ, ਛੇ ਵਾਟਰ ਵਰਕਸ, ਹਰੇਕ ਪਿੰਡ ਵਿੱਚ ਰਿਵਰਸ ਓਸਮੋਸਿਸ ਸਿਸਟਮ ਅਤੇ ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ’ਆਪ’ ਸਰਕਾਰ ਸੀਵਰ ਲਾਈਨਾਂ ਦੀ ਸਾਂਭ-ਸੰਭਾਲ ਕਰਨ ਵਿੱਚ ਵੀ ਅਸਫਲ ਰਹੀ ਹੈ।
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੁਣ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਅਕਾਲੀ ਦਲ ਦੇ ਝੰਡੇ ਹੇਠ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਇਆ ਜਾ ਸਕੇ।
ਮਾਨਸਾ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਮਾਨਸਾ ਵਿੱਚ ਸੀਵਰੇਜ ਸਹੂਲਤ ਦੇ ਨਵੀਨੀਕਰਨ ਦੀ ਮੰਗ ਕਰਦੇ ਹੋਏ, ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਨਸਾ ਵਿੱਚ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇ।
ਇਸ ਮੌਕੇ ਪ੍ਰੇਮ ਅਰੋੜਾ, ਡਾ.ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਐਡਵੋਕੇਟ ਕੇ.ਐਸ ਮਠਾੜੂ, ਬਲਵੀਰ ਸਿੰਘ ਬੀਰੋਕੇ, ਜਤਿੰਦਰ ਸਿੰਘ ਸੋਢੀ, ਕਰਮਜੀਤ ਕੌਰ ਸਮਾਓ, ਬਾਬਾ ਬੂਟਾ ਸਿੰਘ ਗੁੜਥੜੀ ਨੇ ਵੀ ਸੰਬੋਧਨ ਕੀਤਾ।






