ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਨੇਵੀ ਵੱਲੋਂ ਹੋਰਮੁਜ਼ ਦੇ ਜਲ ਮਾਰਗ ਤੋਂ ਪਾਕਿਸਤਾਨ ਜਾਣ ਵਾਲੇ ਕੰਟੇਨਰ ਜਹਾਜ਼ ਨੂੰ ਕਥਿਤ ਤੌਰ ‘ਤੇ ਵਾਪਸ ਮੋੜਨ ਤੋਂ ਬਾਅਦ ਸਾਬਕਾ ਵਿਦੇਸ਼ ਰਾਜ ਮੰਤਰੀ ਐੱਮ ਜੇ ਅਕਬਰ ਨੇ ਕਿਹਾ ਕਿ ਇਰਾਨੀ ਪਾਕਿਸਤਾਨ ਦਾ ਸਤਿਕਾਰ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੁਆਂਢੀ ਦੇਸ਼ ਅਮਰੀਕਾ ਤੋਂ ਹੁਕਮ ਲੈਂਦਾ ਹੈ।
ਇੱਕ ਇੰਟਰਵਿਊ ਵਿੱਚ ਅਕਬਰ ਨੇ ਕਿਹਾ, “ਇਰਾਨੀ ਪਾਕਿਸਤਾਨ ਦੇ ਦੋਸਤ ਹੋ ਸਕਦੇ ਹਨ, ਪਰ ਉਹ ਕਦੇ ਵੀ ਪਾਕਿਸਤਾਨ ਦਾ ਸਤਿਕਾਰ ਨਹੀਂ ਕਰਦੇ। ਤਹਿਰਾਨ ਦੀਆਂ ਨਜ਼ਰਾਂ ਵਿੱਚ ਪਾਕਿਸਤਾਨ ਦੀ ਹੈਸੀਅਤ ਬਹੁਤ ਘੱਟ ਹੈ। ਅਮਰੀਕਾ ਪਾਕਿਸਤਾਨ ਨੂੰ ਅੱਗੇ ਧੱਕ ਰਿਹਾ ਹੈ।” ਉਨ੍ਹਾਂ ਨੇ ਪਾਕਿਸਤਾਨ ਦੀ ਤੁਲਨਾ ਭਾਰਤ ਬਾਰੇ ਇਰਾਨ ਦੇ ਨਜ਼ਰੀਏ ਨਾਲ ਕੀਤੀ ਅਤੇ ਕਿਹਾ ਕਿ ਤਹਿਰਾਨ ਭਾਰਤ ਦੀ ਕੌਮੀ ਹਿੱਤਾਂ ਉੱਤੇ ਅਧਾਰਤ ਵਿਦੇਸ਼ ਨੀਤੀ ਦਾ ਸਤਿਕਾਰ ਕਰਦਾ ਹੈ, ਜਦਕਿ ਉਸ ਦਾ ਮੰਨਣਾ ਹੈ ਕਿ ਪਾਕਿਸਤਾਨ ਅਮਰੀਕੀ ਹੁਕਮਾਂ ‘ਤੇ ਕੰਮ ਕਰਦਾ ਹੈ।
ਉਨ੍ਹਾਂ ਨੇ ਕਿਹਾ, ”ਪਾਕਿਸਤਾਨ ਅਤੇ ਭਾਰਤ ਬਾਰੇ ਇਰਾਨ ਦੇ ਨਜ਼ਰੀਏ ਦੇ ਅੰਤਰ ਦਾ ਨਿਚੋੜ ਇਸ ਤਰ੍ਹਾਂ ਕੱਢਿਆ ਜਾ ਸਕਦਾ ਹੈ ਕਿ ਜਦੋਂ ਭਾਰਤ ਕਿਸੇ ਮੁੱਦੇ ਉੱਤੇ ਇਰਾਨ ਨਾਲ ਅਸਹਿਮਤ ਹੁੰਦਾ ਹੈ ਤਾਂ ਇਰਾਨ ਦਾ ਮੰਨਣਾ ਹੁੰਦਾ ਹੈ ਕਿ ਭਾਰਤ ਅਜਿਹਾ ਇਸ ਲਈ ਕਰ ਰਿਹਾ ਹੈ ਕਿਉਂਕਿ ਦੋਣਾਂ ਦੀਆਂ ਧਾਰਨਾਵਾਂ, ਨਜ਼ਰੀਏ ਜਾਂ ਨੀਤੀ ਵਿੱਚ ਅੰਤਰ ਹੈ।”
ਇਸ ਤੋਂ ਇਲਾਵਾ ਅਕਬਰ ਨੇ ਪਾਕਿਸਤਾਨ ਨੂੰ ਇੱਕ ਹਮਲਾਵਰ ਦੇਸ਼ ਦੱਸਿਆ, ਜਿਸ ਨੇ ਆਪਣੇ ਸਾਰੇ ਗੁਆਂਢੀਆਂ ਨਾਲ ਜੰਗ ਕੀਤੀ ਹੈ। ਉਨ੍ਹਾਂ ਕਿਹਾ, “ਪਾਕਿਸਤਾਨ ਨੇ ਇਰਾਨ ‘ਤੇ ਵੀ ਹਮਲਾ ਕੀਤਾ ਹੈ।” ਉਨ੍ਹਾਂ ਦੀ ਇਹ ਟਿੱਪਣੀ ਇਰਾਨ ਦੇ ਜਲ ਸੈਨਾ ਕਮਾਂਡਰ ਅਲੀਰੇਜ਼ਾ ਤੰਗਸੀਰੀ ਵੱਲੋਂ ਇਹ ਜਾਣਕਾਰੀ ਦੇਣ ਤੋਂ ਬਾਅਦ ਆਈ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਕਰਾਚੀ ਜਾ ਰਹੇ ਵਪਾਰਕ ਜਹਾਜ਼ ‘ਸੇਲੇਨ’ ਨੂੰ ਹੋਰਮੁਜ਼ ਜਲ ਮਾਰਗ ਤੋਂ ਵਾਪਸ ਮੋੜ ਦਿੱਤਾ ਗਿਆ ਹੈ।
ਨੇਵੀ ਕਮਾਂਡਰ ਨੇ ਕਿਹਾ “ਕੰਟੇਨਰ ਜਹਾਜ਼ ਸੇਲੇਨ ਨੂੰ ਕਾਨੂੰਨੀ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਅਤੇ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਦੀ ਇਜਾਜ਼ਤ ਨਾ ਲੈਣ ਕਾਰਨ ਆਈ ਆਰ ਜੀ ਸੀ ਨੇਵੀ ਵੱਲੋਂ ਵਾਪਸ ਮੋੜ ਦਿੱਤਾ ਗਿਆ ਹੈ। ਇਸ ਜਲ ਮਾਰਗ ਰਾਹੀਂ ਕਿਸੇ ਵੀ ਜਹਾਜ਼ ਦੇ ਲੰਘਣ ਲਈ ਇਰਾਨ ਦੀ ਸਮੁੰਦਰੀ ਅਥਾਰਟੀ ਨਾਲ ਪੂਰਨ ਤਾਲਮੇਲ ਦੀ ਲੋੜ ਹੁੰਦੀ ਹੈ।”






