ਬਾਗਡੋਗਰਾ (ਸਿਲੀਗੁੜੀ) ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਉਡਾਣ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ। ਦਰਅਸਲ ਧੂੰਏਂ ਦਾ ਅਲਾਰਮ ਵੱਜਣ ਤੋਂ ਬਾਅਦ ਫਲਾਈਟ ਨੂੰ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਏਅਰਬੱਸ A320 ਜਹਾਜ਼ ਰਾਹੀਂ ਚਲਾਈ ਜਾ ਰਹੀ ਫਲਾਈਟ (IX1523) ਨੂੰ ਸੋਮਵਾਰ ਸ਼ਾਮ ਲਖਨਊ ਵੱਲ ਮੋੜ ਦਿੱਤਾ ਗਿਆ ਸੀ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਪਾਇਲਟ ਨੇ ‘ਮੇਡੇ’ (Mayday) ਕਾਲ ਜਾਰੀ ਕੀਤੀ, ਜੋ ਕਿ ਜਾਨਲੇਵਾ ਐਮਰਜੈਂਸੀ ਵੇਲੇ ਵਰਤਿਆ ਜਾਣ ਵਾਲਾ ਇੱਕ ਅੰਤਰਰਾਸ਼ਟਰੀ ਸੰਕੇਤ ਹੈ। ਅਜਿਹਾ ਜਹਾਜ਼ ਦੇ ਇਲੈਕਟ੍ਰਾਨਿਕ ਹਿੱਸੇ (avionics bay) ਵਿੱਚ ਧੂੰਏਂ ਦਾ ਪਤਾ ਲੱਗਣ ਤੋਂ ਬਾਅਦ ਕੀਤਾ ਗਿਆ।
ਲਖਨਊ ਦੇ ਏਅਰ ਟਰੈਫਿਕ ਕੰਟਰੋਲ (ATC) ਨੂੰ ਇਸ ਬਾਰੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਅਤੇ ਜਹਾਜ਼ ਸ਼ਾਮ 5:18 ਵਜੇ ਸੁਰੱਖਿਅਤ ਰੂਪ ਵਿੱਚ ਹੇਠਾਂ ਉਤਰ ਗਿਆ। ਜਹਾਜ਼ ਵਿੱਚ ਛੇ ਕਰੂ ਮੈਂਬਰਾਂ ਸਮੇਤ ਕੁੱਲ 148 ਲੋਕ ਸਵਾਰ ਸਨ। ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਹਾਜ਼ ਨੂੰ ‘ਏਅਰਕ੍ਰਾਫਟ ਆਨ ਗਰਾਊਂਡ’ (AOG) ਐਲਾਨ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਖ਼ਰਾਬੀ ਕਾਰਨ ਜਹਾਜ਼ ਹੁਣ ਉਦੋਂ ਤੱਕ ਨਹੀਂ ਉੱਡ ਸਕੇਗਾ ਜਦੋਂ ਤੱਕ ਇਸ ਦੀ ਪੂਰੀ ਜਾਂਚ ਅਤੇ ਮੁਰੰਮਤ ਨਹੀਂ ਹੋ ਜਾਂਦੀ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਦੂਜੀਆਂ ਫਲਾਈਟਾਂ ਦਾ ਇੰਤਜ਼ਾਮ ਕੀਤਾ ਗਿਆ। ਸੂਤਰਾਂ ਅਨੁਸਾਰ ਕੁਝ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਗਿਆ, ਜਦਕਿ ਕੁਝ ਨੂੰ ਹੋਟਲ ਵਿੱਚ ਠਹਿਰਾਇਆ ਗਿਆ।






