Himachal Entry Tax: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ ਵਿੱਚ ਅੱਜ ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤੀ ਤਣਾਅਪੂਰਨ ਰਹੀ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 9:30 ਵਜੇ ਦੇ ਕਰੀਬ ਨੰਗਲ-ਊਨਾ ਰੋਡ, ਚੰਡੀਗੜ੍ਹ-ਮਨਾਲੀ ਹਾਈਵੇਅ (ਕੀਰਤਪੁਰ ਸਾਹਿਬ) ਅਤੇ ਰੋਪੜ-ਨਾਲਾਗੜ੍ਹ ਰੋਡ ’ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਆਵਾਜਾਈ 3 ਤੋਂ 4 ਘੰਟੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਇਸ ਰੋਸ ਪ੍ਰਦਰਸ਼ਨ ਵਿੱਚ ਸਿਆਸੀ ਰੰਗਤ ਵੀ ਦੇਖਣ ਨੂੰ ਮਿਲੀ, ਜਿੱਥੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਰੋਪੜ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਵੱਖ-ਵੱਖ ਥਾਵਾਂ ’ਤੇ ਧਰਨਿਆਂ ਦੀ ਅਗਵਾਈ ਕੀਤੀ। ਦੋਵਾਂ ਆਗੂਆਂ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਟੈਕਸ ਘਟਾਉਣ ਦੇ ਦਾਅਵੇ ਖੋਖਲੇ ਹਨ; ਜਿੱਥੇ ਮੁੱਖ ਮੰਤਰੀ ਸੁੱਖੂ ਨੇ ਟੈਕਸ 70 ਰੁਪਏ ਕਰਨ ਦੀ ਗੱਲ ਕਹੀ ਸੀ, ਉੱਥੇ ਨੋਟੀਫਿਕੇਸ਼ਨ ਵਿੱਚ ਇਸ ਨੂੰ 100 ਰੁਪਏ ਕਰ ਦਿੱਤਾ ਗਿਆ ਹੈ।
ਧਰਨੇ ਦੌਰਾਨ ਟੈਕਸ ਦੀਆਂ ਦਰਾਂ ਨੂੰ ਲੈ ਕੇ ਭਾਰੀ ਭੰਬਲਭੂਸਾ ਦੇਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੇ ਐਲਾਨ ਦੇ ਬਾਵਜੂਦ ਕਈ ਟੋਲ ਬੈਰੀਅਰਾਂ ‘ਤੇ ਠੇਕੇਦਾਰ ਅਜੇ ਵੀ 170 ਰੁਪਏ ਦੀ ਵਸੂਲੀ ਕਰ ਰਹੇ ਹਨ, ਜਿਸ ਦੇ ਸਬੂਤ ਵਜੋਂ ਸੋਸ਼ਲ ਮੀਡੀਆ ’ਤੇ ਪਰਚੀਆਂ ਵੀ ਵਾਇਰਲ ਹੋਈਆਂ।
ਸੰਘਰਸ਼ ਮੋਰਚਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਅਤੇ ਗੌਰਵ ਰਾਣਾ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ‘ਨਾਜਾਇਜ਼’ ਟੈਕਸ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾਂਦਾ, ਅੰਦੋਲਨ ਜਾਰੀ ਰਹੇਗਾ। ਇਸ ਪ੍ਰਦਰਸ਼ਨ ਵਿੱਚ ਹਿਮਾਚਲ ਦੀਆਂ ਸਥਾਨਕ ਜਥੇਬੰਦੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨੇ ਵੀ ਹਿੱਸਾ ਲਿਆ, ਜਿਸ ਕਾਰਨ ਸਰਹੱਦੀ ਖੇਤਰਾਂ ਵਿੱਚ ਵਪਾਰ ਅਤੇ ਆਮ ਲੋਕਾਂ ਦੀ ਆਵਾਜਾਈ ’ਤੇ ਵੱਡਾ ਅਸਰ ਪੈਣ ਦਾ ਖਦਸ਼ਾ ਬਣਿਆ ਹੋਇਆ ਹੈ।






