ਵਾਸ਼ਿੰਗਟਨ : ਅਮਰੀਕੀ ਸੰਘੀ ਏਜੰਟਾਂ ਨੇ ਇਰਾਨ ਦੇ ਸਾਬਕਾ ਫ਼ੌਜੀ ਕਮਾਂਡਰ, ਕਾਸਿਮ ਸੁਲੇਮਾਨੀ ਦੀ ਭਤੀਜੀ ਅਤੇ ਪੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਹਿਲਾਂ, ਉਨ੍ਹਾਂ ਦੇ ਗ੍ਰੀਨ ਕਾਰਡ ਰੱਦ ਕਰ ਦਿਤੇ ਗਏ ਸਨ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ਨਿਚਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਹਮੀਦੇਹ ਸੁਲੇਮਾਨੀ ਅਫਸ਼ਰ ਅਤੇ ਉਸ ਦੀ ਧੀ ਹੁਣ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੀ ਹਿਰਾਸਤ ਵਿਚ ਹਨ।
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਮਾਰਕੋ ਰੂਬੀਓ ਨੇ ਉਨ੍ਹਾਂ ਦੇ ਗ੍ਰੀਨ ਕਾਰਡ ਰੱਦ ਕਰ ਦਿਤੇ ਹਨ। ਵਿਦੇਸ਼ ਵਿਭਾਗ ਨੇ ਬਿਆਨ ਵਿਚ ਕਿਹਾ ਕਿ ਹਮੀਦੇਹ ਸੁਲੇਮਾਨੀ ਅਫਸ਼ਰ ਇਰਾਨ ਦੀ ‘ਤਾਨਾਸ਼ਾਹੀ, ਅਤਿਵਾਦੀ ਸ਼ਾਸਨ’ ਦੀ ਇਕ ਮੁੱਖ ਸਮਰਥਕ ਹੈ। ਵਿਦੇਸ਼ ਵਿਭਾਗ ਨੇ ਉਸ ’ਤੇ ਅਮਰੀਕਾ ਵਿਚ ਰਹਿੰਦੇ ਹੋਏ ਇਰਾਨੀ ਸ਼ਾਸਨ ਦੇ ਪ੍ਰਚਾਰ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਗਾਇਆ।
ਬਿਆਨ ਵਿਚ ਕਿਹਾ ਗਿਆ ਹੈ ਕਿ ਹਮੀਦੇਹ ਸੁਲੇਮਾਨੀ ਨੇ ਅਮਰੀਕੀ ਫ਼ੌਜਾਂ ਅਤੇ ਫ਼ੌਜੀ ਠਿਕਾਣਿਆਂ ’ਤੇ ਹਮਲਿਆਂ ਦਾ ਜਸ਼ਨ ਮਨਾਇਆ ਅਤੇ ਇਰਾਨ ਦੇ ਸੁਪਰੀਮ ਲੀਡਰ ਦੀ ਪ੍ਰਸ਼ੰਸਾ ਕੀਤੀ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਹਮੀਦੇਹ ਸੁਲੇਮਾਨੀ ਨੇ ਲਾਸ ਏਂਜਲਸ ਵਿਚ ਇਕ ਆਲੀਸ਼ਾਨ ਜ਼ਿੰਦਗੀ ਜੀਉਂਦੇ ਹੋਏ ਇਰਾਨ ਦੇ ਅਤਿਵਾਦੀ ਸ਼ਾਸਨ ਦੇ ਪ੍ਰਚਾਰ ਨੂੰ ਉਤਸ਼ਾਹਤ ਕੀਤਾ, ਜੋ ਉਸ ਦੀਆਂ ਹਾਲ ਹੀ ਵਿਚ ਡਿਲੀਟ ਕੀਤੀਆਂ ਗਈਆਂ ਇੰਸਟਾਗ੍ਰਾਮ ਪੋਸਟਾਂ ਤੋਂ ਪਤਾ ਚਲਦਾ ਹੈ।






