ਲਾਹੌਰ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸ਼ਨਿਚਰਵਾਰ ਨੂੰ ਭਾਰਤ ਨੂੰ ਚੇਤਾਵਨੀ ਦਿਤੀ ਕਿ ਭਵਿੱਖ ਵਿਚ ਹੋਣ ਵਾਲੀ ਕਿਸੇ ਵੀ ਗਲਤੀ ਦਾ ਜਵਾਬ ਕੋਲਕਾਤਾ ’ਤੇ ਹਮਲੇ ਨਾਲ ਮਿਲੇਗਾ। ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਅਪਣੇ ਜੱਦੀ ਸ਼ਹਿਰ ਸਿਆਲਕੋਟ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਆਸਿਫ ਨੇ ਕਿਹਾ, ‘‘ਜੇਕਰ ਭਾਰਤ ਇਸ ਵਾਰ ਸਾਡੇ ’ਤੇ ਦੋਸ਼ ਲਗਾ ਕੇ (ਫ਼ੌਜੀ) ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਕੋਲਕਾਤਾ ਨੂੰ ਵੀ ਨਿਸ਼ਾਨਾ ਬਣਾਵਾਂਗੇ।’’
ਆਸਿਫ ਨੇ ਦਾਅਵਾ ਕੀਤਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਭਾਰਤ ਨੇ ਅਪਣੇ ਲੋਕਾਂ ਜਾਂ ਪਾਕਿਸਤਾਨੀਆਂ ਰਾਹੀਂ ਇਕ ਝੂਠੀ ਮੁਹਿੰਮ ਦੀ ਯੋਜਨਾ ਬਣਾਈ ਹੈ, ਜਿਸ ਵਿਚ ਕੁਝ ਲਾਸ਼ਾਂ ਕਿਤੇ ਸੁੱਟ ਕੇ ਇਹ ਕਿਹਾ ਗਿਆ ਕਿ ‘‘ਉਹ ਅਤਿਵਾਦੀ ਸਨ ਅਤੇ ਉਨ੍ਹਾਂ ਨੇ ਕੁੱਝ ਗ਼ਲਤ ਕੀਤਾ ਹੈ।’’
ਹਾਲਾਂਕਿ, ਉਨ੍ਹਾਂ ਨੇ ਅਪਣੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦਿਤਾ। ਵੀਰਵਾਰ ਨੂੰ ਆਸਿਫ ਨੇ ਕਿਹਾ ਸੀ ਕਿ ਕਿਸੇ ਵੀ ਹਮਲੇ ਦਾ ਪਾਕਿਸਤਾਨ ਦਾ ਜਵਾਬ ‘ਤੇਜ਼, ਚੰਗੀ ਤਰ੍ਹਾਂ ਯੋਜਨਾਬੱਧ ਅਤੇ ਫ਼ੈਸਲਾਕੁੰਨ’ ਹੋਵੇਗਾ। ਆਸਿਫ਼ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਟਿੱਪਣੀਆਂ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਮੌਜੂਦਾ ਸਥਿਤੀ ਵਿਚ ਭਾਰਤ ਦੇ ਗੁਆਂਢੀ ਵਲੋਂ ਕੀਤੀ ਗਈ ਕੋਈ ਵੀ ‘ਹਰਕਤ’ ਫ਼ੈਸਲਾਕੁੰਨ ਕਾਰਵਾਈ ਨੂੰ ਸੱਦਾ ਦੇਵੇਗੀ। (ਏਜੰਸੀ)






